ਮੁੱਢਲੀ ਸਹਾਇਤਾ ਤੇ ਆਫ਼ਤ ਪ੍ਰਬੰਧਨ ਬਾਰੇ ਸਿਖਲਾਈ ਪ੍ਰੋਗਰਾਮ
ਵਿਦਿਆਰਥੀਆਂ ਨੂੰ ਹੰਗਾਮੀ ਹਾਲਾਤ ਨਾਲ ਨਜਿੱਠਣ ਬਾਰੇ ਜਾਣਕਾਰੀ ਦਿੱਤੀ
ਆਰੀਆ ਕੰਨਿਆ ਕਾਲਜ ਵਿੱਚ ਰੈੱਡ ਕਰਾਸ ਸੁਸਾਇਟੀ ਨੇ ਸਿਖਲਾਈ ਪ੍ਰੋਗਰਾਮ ਕਰਾਇਆ ਜਿਸ ਦਾ ਮਕਸਦ ਵਿਦਿਆਰਥੀਆਂ ਨੂੰ ਮੁੱਢਲੀ ਸਹਾਇਤਾ ਤੇ ਆਫ਼ਤ ਪ੍ਰਬੰਧਨ ਸਬੰਧੀ ਜਾਣਕਾਰੀ ਤੇ ਵਿਹਾਰਕ ਸਿਖਲਾਈ ਮੁਹੱਈਆ ਕਰਨਾ ਸੀ। ਇਸ ਮੌਕੇ ਰੈੱਡ ਕਰਾਸ ਵਿਭਾਗ ਕੁਰੂਕਸ਼ੇਤਰ ਤੋਂ ਮੁੱਢਲੀ ਸਹਾਇਤਾ ਲੈਕਚਰਾਰ ਕਿਰਨ ਕਸ਼ਯਪ ਵਿਸ਼ਾ ਮਾਹਿਰ ਅਤੇ ਟ੍ਰੇਨਰ ਵਜੋਂ ਮੌਜੂਦ ਸਨ। ਪ੍ਰੋਗਰਾਮ ਦੀ ਸ਼ੁਰੂਆਤ ਦੇਵੀ ਸਰਸਵਤੀ ਸਾਹਮਣੇ ਦੀਪ ਜਲਾ ਕੇ ਕੀਤੀ ਗਈ। ਕਾਲਜ ਦੇ ਵਣਜ ਵਿਭਾਗ ਦੀ ਮੁਖੀ ਡਾ. ਅੰਜੂ ਨੇ ਮੁੱਖ ਮਹਿਮਾਨ ਦਾ ਸਵਾਗਤ ਕੀਤਾ।
ਪ੍ਰੋਗਰਾਮ ਦੀ ਕੋਆਰਡੀਨੇਟਰ ਅਤੇ ਰੈੱਡ ਕਰਾਸ ਦੀ ਇੰਚਾਰਜ ਕੈਪਟਨ ਜੋਤੀ ਸ਼ਰਮਾ ਨੇ ਕਿਹਾ ਕਿ ਅੱਜ ਦੇ ਸਮੇਂ ਮੁੱਢਲੀ ਸਹਾਇਤਾ ਦਾ ਗਿਆਨ ਹਰ ਕਿਸੇ ਲਈ ਜ਼ਰੂਰੀ ਹੈ। ਹਾਦਸੇ ਜਾਂ ਆਫ਼ਤ ਸਮੇਂ ਜਾਨਾਂ ਬਚਾਉਣ ਵਿੱਚ ਸਹੀ ਜਾਣਕਾਰੀ ਤੁਰੰਤ ਸਹਾਇਕ ਹੋ ਸਕਦੀ ਹੈ। ਮਾਹਿਰ ਕਿਰਨ ਕਸ਼ਯਪ ਨੇ ਵਿਦਿਆਰਥੀਆਂ ਨੂੰ ਮੁੱਢਲੀ ਸਹਾਇਤਾ, ਸੀ ਪੀ ਆਰ, ਸੱਟ ਲੱਗਣ ਅਤੇ ਖ਼ੂਨ ਵਹਿਣ ਦੀ ਸਥਿਤੀ ਵਿੱਚ ਸਹਾਇਤਾ ਪ੍ਰਦਾਨ ਕਰਨ ਅਤੇ ਆਫ਼ਤਾਂ ਦੌਰਾਨ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਬਾਰੇ ਜਾਣਕਾਰੀ ਦਿੱਤੀ। ਹਰਿਆਣਾ ਗਰਲਜ਼ ਬਟਾਲੀਅਨ ਐੱਨ ਸੀ ਸੀ ਅੰਬਾਲਾ ਛਾਉਣੀ ਤੋਂ ਸੂਬੇਦਾਰ ਸੁਖਬੀਰ ਸਿੰਘ ਨੇ ਵੀ ਵਿਦਿਆਰਥੀਆਂ ਨੂੰ ਸੀ ਪੀ ਆਰ ਬਾਰੇ ਜਾਣਕਾਰੀ ਦਿੱਤੀ। ਸਮਾਗਮ ਵਿੱਚ ਅੰਬਾਲਾ ਛਾਉਣੀ ਤੋਂ ਐੱਨ ਸੀ ਸੀ ਗਰਲਜ਼ ਇੰਸਟ੍ਰਕਟਰ ਅੰਜਲੀ ਅਤੇ ਸੀ ਐੱਚ ਐੱਮ ਰਾਮ ਕਰਨ ਨੇ ਵੀ ਸਮਾਗਮ ਵਿੱਚ ਸ਼ਿਰਕਤ ਕੀਤੀ। ਕਿਰਨ ਕਸ਼ਯਪ ਨੇ ਸਾਰਿਆਂ ਨੂੰ ਨਸ਼ਾ ਨਾ ਕਰਨ ਦੀ ਸਹੁੰ ਚੁਕਾਈ।

