ਭਾਰਤੀ ਚੋਣ ਕਮਿਸ਼ਨ ਦੀ ਵੋਟਰ ਸੂਚੀਆਂ ਵਿਸ਼ੇਸ਼ ਸੁਧਾਈ ਮੁਹਿੰਮ (ਐੱਸ ਆਈ ਆਰ) ਤਹਿਤ ਰਤੀਆ ਦੇ ਬੀ ਡੀ ਪੀ ਓ ਦਫ਼ਤਰ ਵਿੱਚ ਸੁਪਰਵਾਈਜ਼ਰਾਂ ਅਤੇ ਬੂਥ ਲੈਵਲ ਅਫਸਰਾਂ (ਬੀ ਐੱਲ ਓ) ਲਈ ਤਿੰਨ ਰੋਜ਼ਾ ਟਰੇਨਿੰਗ ਪ੍ਰੋਗਰਾਮ ਸ਼ੁਰੂ ਹੋ ਗਿਆ ਹੈ। ਇਹ ਟਰੇਨਿੰਗ 50-50 ਕਰਮਚਾਰੀਆਂ ਦੇ ਗਰੁੱਪਾਂ ਵਿੱਚ ਦਿੱਤੀ ਜਾ ਰਹੀ ਹੈ ਤਾਂ ਜੋ ਉਨ੍ਹਾਂ ਨੂੰ ਵੋਟਰ ਸੂਚੀਆਂ ਦੀ ਸੁਧਾਈ ਅਤੇ ਤਸਦੀਕ ਦੇ ਨੇਮਾਂ ਬਾਰੇ ਬਾਰੀਕੀ ਨਾਲ ਸਮਝਾਇਆ ਜਾ ਸਕੇ।
ਨਾਇਬ ਤਹਿਸੀਲਦਾਰ ਬਲਵਾਨ ਸਿੰਘ ਨੇ ਅਧਿਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਲੋਕਤੰਤਰ ਦੀ ਮਜ਼ਬੂਤੀ ਲਈ ਵੋਟਰ ਸੂਚੀਆਂ ਦਾ ਅਪਡੇਟ ਹੋਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਜਲਦੀ ਹੀ ਵਿਸ਼ੇਸ਼ ਮੁਹਿੰਮ ਸ਼ੁਰੂ ਹੋਵੇਗੀ ਜਿਸ ਤਹਿਤ ਬੀ ਐੱਲ ਓ ਘਰ-ਘਰ ਜਾ ਕੇ ਨਵੇਂ ਵੋਟਰਾਂ ਦੀ ਰਜਿਸਟ੍ਰੇਸ਼ਨ ਕਰਨਗੇ ਅਤੇ ਮ੍ਰਿਤਕਾਂ ਜਾਂ ਜਗ੍ਹਾ ਛੱਡ ਚੁੱਕੇ ਵੋਟਰਾਂ ਦੇ ਨਾਂ ਸੂਚੀ ਵਿੱਚੋਂ ਕੱਟਣਗੇ। ਉਨ੍ਹਾਂ ਕਰਮਚਾਰੀਆਂ ਨੂੰ ਇਹ ਕੰਮ ਪੂਰੀ ਇਮਾਨਦਾਰੀ ਅਤੇ ਬਿਨਾਂ ਕਿਸੇ ਅਣਗਹਿਲੀ ਦੇ ਮਿੱਥੇ ਸਮੇਂ ਅੰਦਰ ਪੂਰਾ ਕਰਨ ਦੀ ਹਦਾਇਤ ਕੀਤੀ।
ਟਰੇਨਿੰਗ ਦੌਰਾਨ ਮਾਸਟਰ ਟਰੇਨਰਾਂ ਨੇ ਬੀ ਐੱਲ ਓਜ਼ ਨੂੰ ਵੱਖ-ਵੱਖ ਫਾਰਮ ਭਰਨ ਅਤੇ ਡੇਟਾ ਨੂੰ ਔਨਲਾਈਨ ਪੋਰਟਲ ਉੱਤੇ ਸਹੀ ਢੰਗ ਨਾਲ ਅਪਲੋਡ ਕਰਨ ਬਾਰੇ ਜਾਣਕਾਰੀ ਦਿੱਤੀ। ਕਰਮਚਾਰੀਆਂ ਨੂੰ ਆਮ ਲੋਕਾਂ ਨਾਲ ਨਿਮਰਤਾ ਨਾਲ ਪੇਸ਼ ਆਉਣ ਅਤੇ ਵੋਟਰਾਂ ਨੂੰ ਜਾਗਰੂਕ ਕਰਨ ਦਾ ਸੁਝਾਅ ਵੀ ਦਿੱਤਾ ਗਿਆ।
ਇਸ ਮੌਕੇ ਚੋਣ ਕਾਨੂੰਨਗੋ ਸਤਬੀਰ ਸਿੰਘ, ਮਾਸਟਰ ਟਰੇਨਰ ਨਿਖਿਲ ਛਾਬੜਾ, ਰਾਬਿਨ ਸੁਖੀਜਾ ਸਮੇਤ ਵੱਡੀ ਗਿਣਤੀ ਵਿੱਚ ਬੀ ਐੱਲ ਓ ਅਤੇ ਸੁਪਰਵਾਈਜ਼ਰ ਹਾਜ਼ਰ ਸਨ।
