ਵਪਾਰੀਆਂ ਵੱਲੋਂ ਵਿਧਾਇਕ ਨੂੰ ਮੁੱਖ ਮੰਤਰੀ ਦੇ ਨਾਮ ਮੰਗ ਪੱਤਰ
ਦਵਿੰਦਰ ਸਿੰਘ
ਯਮੁਨਾਨਗਰ, 7 ਜੁਲਾਈ
ਉਦਯੋਗ ਵਪਾਰ ਮੰਡਲ ਹਰਿਆਣਾ ਦੇ ਵਫ਼ਦ ਨੇ ਸਮਾਜ ਸੇਵਕ ਅਤੇ ਸੂਬਾ ਪ੍ਰਧਾਨ ਮਹਿੰਦਰ ਮਿੱਤਲ ਦੀ ਅਗਵਾਈ ਹੇਠ ਵਿਧਾਇਕ ਘਣਸ਼ਿਆਮ ਦਾਸ ਨੂੰ ਮੁੱਖ ਮੰਤਰੀ ਨਾਇਬ ਸੈਣੀ ਦੇ ਨਾਂ ਮੰਗ ਪੱਤਰ ਸੌਂਪਿਆ ਅਤੇ ਬਿਜਲੀ ਬਿੱਲ ਦੇ ਵਧੇ ਹੋਏ ਯੂਨਿਟ ਰੇਟ ਅਤੇ ਫਿਕਸਡ ਚਾਰਜ ਨੂੰ ਵਾਪਸ ਲੈਣ ਦੀ ਮੰਗ ਕੀਤੀ। ਸ੍ਰੀ ਮਿੱਤਲ ਨੇ ਕਿਹਾ ਕਿ ਬਿਜਲੀ ਵਿਭਾਗ ਵੱਲੋਂ ਕੀਤੇ ਵਾਧੇ ਕਾਰਨ ਆਮ ਆਦਮੀ ‘ਤੇ ਵਾਧੂ ਵਿੱਤੀ ਬੋਝ ਪਿਆ ਹੈ । ਉਨ੍ਹਾਂ ਕਿਹਾ ਕਿ ਬਿੱਲਾਂ ਵਿੱਚ ਫਿਕਸਡ ਚਾਰਜ, ਫਿਊਲ ਚਾਰਜ, ਡਿਊਟੀ ਚਾਰਜ, ਸਰਚਾਰਜ, ਨਗਰ ਪਾਲਿਕਾ ਟੈਕਸ ਆਦਿ ਵਰਗੇ ਸਾਰੇ ਤਰ੍ਹਾਂ ਦੇ ਟੈਕਸ ਬੇਵਜ੍ਹਾ ਸ਼ਾਮਲ ਹਨ, ਜਿਸ ਕਾਰਨ ਬਿਜਲੀ ਦਰਾਂ ਵਿੱਚ ਭਾਰੀ ਵਾਧਾ ਹੋਇਆ ਹੈ । ਉਨ੍ਹਾਂ ਕਿਹਾ ਕਿ ਮੰਦੀ ਦਾ ਸਾਹਮਣਾ ਕਰ ਰਹੇ ਉਦਯੋਗ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ । ਉਨ੍ਹਾਂ ਕਿਹਾ ਕਿ ਨਵੇਂ ਨਿਯਮਾਂ ਤਹਿਤ ਘਰੇਲੂ ਬਿਜਲੀ ਖਪਤਕਾਰਾਂ ‘ਤੇ ਵੀ ਫਿਕਸਡ ਚਾਰਜ ਲਗਾਏ ਜਾ ਰਹੇ ਹਨ ਅਤੇ ਸਲੈਬਾਂ ਵਿੱਚ ਬਦਲਾਅ ਕੀਤੇ ਗਏ ਹਨ ਜਿਸ ਦੇ ਚਲਦਿਆਂ ਬਿਜਲੀ ਦੇ ਬਿੱਲਾਂ ਵਿੱਚ 12 ਤੋਂ 30 ਫ਼ੀਸਦ ਦਾ ਵਾਧਾ ਹੋਇਆ ਹੈ। ਵਪਾਰੀ ਵਰਗ ਇਸ ਫੈਸਲੇ ਤੋਂ ਬਹੁਤ ਚਿੰਤਤ ਹੈ। ਕਾਰਜਕਾਰੀ ਸੂਬਾ ਪ੍ਰਧਾਨ ਸੰਜੇ ਮਿੱਤਲ ਨੇ ਕਿਹਾ ਕਿ ਵਪਾਰ ਜਗਤ ਤਾਂ ਪਹਿਲਾਂ ਹੀ ਕਾਰਪੋਰੇਟ ਅਤੇ ਐੱਫਡੀਆਈ ਤੋਂ ਮੁਕਾਬਲੇ ਕਾਰਨ, ਮੰਦੀ ਅਤੇ ਬੈਂਕਾਂ ਦੀਆਂ ਵਿਆਜ ਦੀ ਵੱਧ ਦਰਾਂ ਕਾਰਨ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਇਸ ’ਤੇ ਬਿਜਲੀ ਦਰਾਂ ਦੀ ਇੱਕ ਹੋਰ ਸੱਟ ਮਾਰੀ ਗਈ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਬਿਜਲੀ ਦਰਾਂ ਵਿੱਚ ਵਾਧਾ ਵਾਪਸ ਲਿਆ ਜਾਵੇ। ਯਮੁਨਾਨਗਰ ਦੇ ਵਿਧਾਇਕ ਘਣਸ਼ਿਆਮ ਦਾਸ ਨੇ ਵਪਾਰੀਆਂ ਨੂੰ ਭਰੋਸਾ ਦਿੱਤਾ ਕਿ ਵਪਾਰੀਆਂ ਅਤੇ ਆਮ ਲੋਕਾਂ ਦੀ ਆਵਾਜ਼ ਮੁੱਖ ਮੰਤਰੀ ਤੱਕ ਪਹੁੰਚਾਈ ਜਾਵੇਗੀ। ਉਨ੍ਹਾਂ ਕਿਹਾ ਕਿ 8 ਜੁਲਾਈ ਨੂੰ ਉਨ੍ਹਾਂ ਦੀ ਮੁੱਖ ਮੰਤਰੀ ਨਾਇਬ ਸੈਣੀ ਨਾਲ ਮੀਟਿੰਗ ਹੈ, ਜਿਸ ਵਿੱਚ ਉਹ ਮੁੱਖ ਮੰਤਰੀ ਸਾਹਮਣੇ ਬਿਜਲੀ ਵਾਧੇ ਦੇ ਮੁੱਦੇ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਨਗੇ। ਇਸ ਮੌਕੇ ਸੰਜੇ ਮਿੱਤਲ, ਵਿਪਿਨ ਗੁਪਤਾ, ਵਿਜੇ ਸੇਠੀ, ਸੰਦੀਪ ਗਾਂਧੀ, ਨਰੇਸ਼ ਸਾਗਰ, ਸੰਜੀਵ ਗੁਪਤਾ, ਹਰਸ਼ਿਤ ਕੰਬੋਜ, ਸ਼ੁਭਮ ਕੱਕੜ, ਅਰਵਿੰਦ, ਕਮਲ ਧੀਮਾਨ, ਸੁਰੇਸ਼ ਧੀਮਾਨ, ਮਹੇਸ਼ ਪਾਸੀ, ਸ਼ੀਤਲ, ਸੁਰੇਸ਼ ਪੁਰੀ, ਸਤੀਸ਼ ਧੀਮਾਨ, ਦੀਪਕ ਸਿੰਧੀ, ਅਭਿਰਾਜ ਰਾਣਾ, ਦੀਪਕ ਵਰਮਾ, ਸੰਜੇ ਸ਼ਰਮਾ ਮੌਜੂਦ ਸਨ।