ਤਿੰਨ ਯੂਨੀਅਨਾਂ ਨੇ ਜੇਲ੍ਹ ਭਰੋ ਅੰਦੋਲਨ ਦੀ ਰੂਪ-ਰੇਖਾ ਉਲੀਕੀ
10 ਨੂੰ ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀਆਂ ਖ਼ਿਲਾਫ਼ ਗ੍ਰਿਫ਼ਤਾਰੀਆਂ ਦੇਣ ਦਾ ਫ਼ੈਸਲਾ
ਇੱਥੇ ਕਿਸਾਨ ਸਭਾ, ਸੀਟੂ ਅਤੇ ਖੇਤ ਮਜ਼ਦੂਰ ਯੂਨੀਅਨ ਦੀ ਮੀਟਿੰਗ ਮੰਗਤ ਰਾਮ, ਸੰਤ ਰਾਮ ਅਤੇ ਦੇਵ ਦਰਸ਼ਨ ਦੀ ਅਗਵਾਈ ਹੇਠ ਹੋਈ। ਮੀਟਿੰਗ ਵਿੱਚ ਕਿਸਾਨ ਸਭਾ ਦੇ ਮੀਤ ਪ੍ਰਧਾਨ ਜਗਤਾਰ ਸਿੰਘ ਅਤੇ ਸੀਟੂ ਦੇ ਕਨਵੀਨਰ ਓਮ ਪ੍ਰਕਾਸ਼ ਅਨੇਜਾ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਮੀਟਿੰਗ ਦੌਰਾਨ ਯੂਨੀਅਨਾਂ ਦੀਆਂ ਭਵਿੱਖੀ ਰਣਨੀਤੀਆਂ, ਕੇਂਦਰ ਸਰਕਾਰ ਦੀਆਂ ਨੀਤੀਆਂ ਖ਼ਿਲਾਫ਼ ਸੰਘਰਸ਼ਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਦੌਰਾਨ 10 ਅਗਸਤ ਨੂੰ ਹੋਣ ਵਾਲੇ ‘ਜੇਲ੍ਹ ਭਰੋ’ ਅੰਦੋਲਨ ਨੂੰ ਸਫ਼ਲ ਬਣਾਉਣ ਲਈ ਵਿਸ਼ੇਸ਼ ਯੋਜਨਾ ਵੀ ਤਿਆਰ ਕੀਤੀ ਗਈ। ਮੀਟਿੰਗ ਵਿੱਚ ਲਏ ਗਏ ਫ਼ੈਸਲਿਆਂ ਬਾਰੇ ਕਿਸਾਨ ਸਭਾ ਦੇ ਜ਼ਿਲ੍ਹਾ ਸਕੱਤਰ ਅਤੇ ਕਨਵੀਨਰ ਰਾਜਿੰਦਰ ਪ੍ਰਸਾਦ ਨੇ ਦੱਸਿਆ ਕਿ 10 ਅਗਸਤ ਨੂੰ ਫ਼ਤਿਹਾਬਾਦ ਦੀ ਸਬਜ਼ੀ ਮੰਡੀ ਵਿੱਚ ਜ਼ਿਲ੍ਹੇ ਭਰ ਤੋਂ ਕਿਸਾਨ, ਖੇਤ ਮਜ਼ਦੂਰ ਅਤੇ ਸੀਟੂ ਨਾਲ ਜੁੜੇ ਸੈਂਕੜੇ ਸਾਥੀ ਇਕੱਠੇ ਹੋਣਗੇ ਅਤੇ ਉੱਥੋਂ ਸਰਕਾਰ ਦੀਆਂ ਨੀਤੀਆਂ ਦੇ ਵਿਰੋਧ ਵਿੱਚ ‘ਜੇਲ੍ਹ ਭਰੋ’ ਅੰਦੋਲਨ ਤਹਿਤ ਗ੍ਰਿਫ਼ਤਾਰੀਆਂ ਦੇਣਗੇ। ਉਨ੍ਹਾਂ ਕਿਹਾ ਕਿ ਰਤੀਆ ਖੇਤਰ ਤੋਂ ਵੀ ਵੱਡੀ ਗਿਣਤੀ ਵਿੱਚ ਕਿਸਾਨ, ਮਜ਼ਦੂਰ ਅਤੇ ਸੀਟੂ ਵਰਕਰ ਇਸ ਅੰਦੋਲਨ ਵਿੱਚ ਸ਼ਮੂਲੀਅਤ ਕਰਨਗੇ।
ਰਾਜਿੰਦਰ ਪ੍ਰਸਾਦ ਨੇ ਕਿਹਾ ਕਿ ਦੇਸ਼ ਭਰ ਦੇ ਕਿਸਾਨ ਅਤੇ ਮਜ਼ਦੂਰ ਸੰਗਠਨ ਕੇਂਦਰ ਸਰਕਾਰ ਦੀਆਂ ਕਈ ਨੀਤੀਆਂ ਦਾ ਵਿਰੋਧ ਕਰ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਵੱਲੋਂ ਅਮਰੀਕਾ ਨਾਲ ਕੀਤਾ ਜਾ ਰਿਹਾ ਵਪਾਰ ਸਮਝੌਤਾ, ‘ਜੀ ਰਾਮ ਜੀ’ ਕਾਨੂੰਨ, ਸਮਾਰਟ ਮੀਟਰ ਯੋਜਨਾ, ਬਿਜਲੀ ਕਾਨੂੰਨ ਅਤੇ ਲੇਬਰ ਕੋਡ ਵਰਗੇ ਫ਼ੈਸਲੇ ਆਮ ਲੋਕਾਂ, ਕਿਸਾਨਾਂ ਅਤੇ ਮਜ਼ਦੂਰਾਂ ਦੇ ਹਿੱਤਾਂ ਦੇ ਵਿਰੁੱਧ ਹਨ। ਉਨ੍ਹਾਂ ਸਾਰੇ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ 10 ਅਗਸਤ ਦੇ ‘ਜੇਲ੍ਹ ਭਰੋ’ ਅੰਦੋਲਨ ਨੂੰ ਇਤਿਹਾਸਕ ਬਣਾਉਣ ਲਈ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਾਮਲ ਹੋਣ। ਇਸ ਮੌਕੇ ਕਿਸਾਨ ਸਭਾ ਦੇ ਉਪ ਪ੍ਰਧਾਨ ਜਗਤਾਰ ਸਿੰਘ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ 29 ਜੁਲਾਈ ਨੂੰ ਦਿੱਲੀ ਦੇ ਤਾਲਕਟੋਰਾ ਸਟੇਡੀਅਮ ਵਿੱਚ ਸੰਯੁਕਤ ਕਿਸਾਨ ਮੋਰਚਾ, ਸੀਟੂ ਅਤੇ ਖੇਤ ਮਜ਼ਦੂਰ ਯੂਨੀਅਨ ਵੱਲੋਂ ਇੱਕ ਵਿਸ਼ਾਲ ਕਨਵੈਨਸ਼ਨ ਕਰਵਾਈ ਜਾ ਰਹੀ ਹੈ। ਇਸ ਕਨਵੈਨਸ਼ਨ ਵਿੱਚ ਫ਼ਤਿਹਾਬਾਦ ਜ਼ਿਲ੍ਹੇ ਤੋਂ ਵੀ ਸੈਂਕੜੇ ਕਿਸਾਨ, ਮਜ਼ਦੂਰ ਅਤੇ ਸੰਗਠਨ ਦੇ ਅਹੁਦੇਦਾਰ ਸ਼ਮੂਲੀਅਤ ਕਰਨਗੇ।
ਜਗਤਾਰ ਸਿੰਘ ਨੇ ਕਿਹਾ ਕਿ ਫ਼ਤਹਿਾਬਾਦ ਜ਼ਿਲ੍ਹੇ ਦੇ ਹਰ ਪਿੰਡ ਵਿੱਚ ਕਿਸਾਨ ਸਭਾ, ਸੀਟੂ ਅਤੇ ਖੇਤ ਮਜ਼ਦੂਰ ਯੂਨੀਅਨ ਦੀਆਂ ਸਾਂਝੀਆਂ ਪਿੰਡ ਕਮੇਟੀਆਂ ਦਾ ਗਠਨ ਕੀਤਾ ਜਾਵੇਗਾ। ਇਨ੍ਹਾਂ ਕਮੇਟੀਆਂ ਰਾਹੀਂ ਲੋਕਾਂ ਨੂੰ ਸਰਕਾਰ ਦੀਆਂ ਨੀਤੀਆਂ ਬਾਰੇ ਜਾਣੂ ਕਰਵਾਇਆ ਜਾਵੇਗਾ।

