11 ਲੱਖ ਧੋਖਾਧੜੀ ਮਾਮਲੇ ’ਚ ਤਿੰਨ ਕਾਬੂ
ਫਰੀਦਾਬਾਦ ਸਾਈਬਰ ਪੁਲੀਸ ਟੀਮ ਨੇ ਸਿਮ ਕਾਰਡ ਅਪਗ੍ਰੇਡ ਧੋਖਾਧੜੀ ਦੇ ਮਾਮਲੇ ਵਿੱਚ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਦੱਸਿਆ ਕਿ ਫਰੀਦਾਬਾਦ ਦੇ ਸੈਕਟਰ 14 ਵਿੱਚ ਰਹਿਣ ਵਾਲੀ ਇੱਕ ਔਰਤ ਨੇ ਸਾਈਬਰ ਪੁਲੀਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ।...
ਫਰੀਦਾਬਾਦ ਸਾਈਬਰ ਪੁਲੀਸ ਟੀਮ ਨੇ ਸਿਮ ਕਾਰਡ ਅਪਗ੍ਰੇਡ ਧੋਖਾਧੜੀ ਦੇ ਮਾਮਲੇ ਵਿੱਚ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਦੱਸਿਆ ਕਿ ਫਰੀਦਾਬਾਦ ਦੇ ਸੈਕਟਰ 14 ਵਿੱਚ ਰਹਿਣ ਵਾਲੀ ਇੱਕ ਔਰਤ ਨੇ ਸਾਈਬਰ ਪੁਲੀਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ। ਇਸ ਵਿੱਚ ਉਸ ਨੇ ਦੋਸ਼ ਲਗਾਇਆ ਸੀ ਕਿ 13 ਸਤੰਬਰ ਨੂੰ ਉਸ ਨੂੰ ਇੱਕ ਕੰਪਨੀ ਦੇ ਕਥਿਤ ਏਜੰਟ ਦਾ ਫੋਨ ਆਇਆ ਜਿਸ ਨੇ ਉਸ ਨੂੰ ਆਪਣਾ ਸਿਮ ਕਾਰਡ ਈ-ਸਿਮ ਵਿੱਚ ਅਪਗ੍ਰੇਡ ਕਰਨ ਲਈ ਕਿਹਾ। ਉਸ ਦੀ ਜਾਣਕਾਰੀ ਇਕੱਠੀ ਕਰਨ ਤੋਂ ਬਾਅਦ ਉਨ੍ਹਾਂ ਨੇ ਉਸ ਦੇ ਨੰਬਰ ਤੱਕ ਲੈ ਲਏ ਅਤੇ ਉਸ ਦੇ ਖਾਤੇ ਵਿੱਚੋਂ 11,22,799 ਕਢਵਾ ਲਏ। ਇਸ ਸ਼ਿਕਾਇਤ ਦੇ ਆਧਾਰ ’ਤੇ ਸਾਈਬਰ ਪੁਲੀਸ ਸਟੇਸ਼ਨ ਸੈਂਟਰਲ ਵਿੱਚ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ। ਸਾਈਬਰ ਪੁਲੀਸ ਸਟੇਸ਼ਨ ਸੈਂਟਰਲ ਟੀਮ ਨੇ ਅਜੈ ਕੁਮਾਰ ਦਾਸ (28) ਅਤੇ ਅਭਿਸ਼ੇਕ ਦਾਸ (30) ਵਾਸੀ ਪਿੰਡ ਛੋਟਾ ਪਿਚੜੀ, ਧਨਬਾਦ ਅਤੇ ਅਭਿਸ਼ੇਕ ਤਿਵਾੜੀ (19) ਵਾਸੀ ਕੁਸੁਮ ਵਿਹਾਰ, ਕੋਇਲਾ ਨਗਰ, ਧਨਬਾਦ ਨੂੰ ਗ੍ਰਿਫ਼ਤਾਰ ਕੀਤਾ ਹੈ।
ਪੁੱਛ-ਪੜਤਾਲ ਦੌਰਾਨ ਇਹ ਖ਼ੁਲਾਸਾ ਹੋਇਆ ਕਿ ਮੁਲਜ਼ਮ ਅਭਿਸ਼ੇਕ ਤਿਵਾੜੀ ਅਤੇ ਅਜੈ ਕੁਮਾਰ ਨੇ ਆਪਣੇ ਖਾਤੇ ਮੁਹੱਈਆ ਕਰਵਾਏ ਸਨ। ਇਨ੍ਹਾਂ ਵਿੱਚ ਕੁੱਲ 4,60,000 ਦੇ ਧੋਖਾਧੜੀ ਵਾਲੇ ਫੰਡ ਜਮ੍ਹਾਂ ਕਰਵਾਏ ਗਏ ਸਨ। ਮੁਲਜ਼ਮ ਅਭਿਸ਼ੇਕ ਦਾਸ ਨੇ ਅਜੈ ਕੁਮਾਰ ਤੋਂ ਇਹ ਖਾਤਾ ਲਿਆ ਸੀ ਅਤੇ ਇਸ ਨੂੰ ਧੋਖਾਧੜੀ ਕਰਨ ਵਾਲਿਆਂ ਨੂੰ ਦਿੱਤਾ ਸੀ। ਅਜੈ ਧਨਬਾਦ ਵਿੱਚ ਮੋਟਰ ਮਕੈਨਿਕ ਵਜੋਂ ਕੰਮ ਕਰਦਾ ਹੈ ਜਦੋਂਕਿ ਅਭਿਸ਼ੇਕ ਦਾਸ ਮੋਬਾਈਲ ਰਿਪੇਅਰ ਦਾ ਕੰਮ ਕਰਦਾ ਹੈ। ਤਿੰਨੋਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਹੋਰ ਪੁੱਛਗਿੱਛ ਲਈ ਛੇ ਰੋਜ਼ਾ ਪੁਲੀਸ ਰਿਮਾਂਡ ਲਿਆ ਗਿਆ ਹੈ।

