ਹਰਿਆਣਾ ਸਰਕਾਰ ਦੇ ਖੁਰਾਕ ਅਤੇ ਸਪਲਾਈ ਮੰਤਰੀ ਰਾਜੇਸ਼ ਨਾਗਰ ਨੇ ਕਿਹਾ ਕਿ ਰਾਜ ਸਭਾ ਚੋਣਾਂ ਦੌਰਾਨ ਕਾਂਗਰਸ ਦੀ ਧੜੇਬੰਦੀ ਅਤੇ ਅੰਦਰੂਨੀ ਕਲੇਸ਼ ਸਾਹਮਣੇ ਆਇਆ, ਪਾਰਟੀ ਦੇ 9 ਕਾਂਗਰਸੀ ਵਿਧਾਇਕਾਂ ਨੇ ਆਪਣੀ ਹੀ ਪਾਰਟੀ ਦੇ ਵਿਰੁੱਧ ਵੋਟ ਪਾਈ। ਉਹ ਯਮੁਨਾਨਗਰ ਵਿੱਚ ‘ਗੁੱਜਰ ਕਲਿਆਣ ਸਭਾ, ਕਪਾਲ ਮੋਚਨ’ ਦੇ 37ਵੇਂ ਸਥਾਪਨਾ ਦਿਵਸ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਹਿੱਸਾ ਲੈਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ।
ਸਮਾਗਮ ਦੀ ਪ੍ਰਧਾਨਗੀ ਹਰਿਆਣਾ ਸਰਕਾਰ ਦੇ ਸਾਬਕਾ ਕੈਬਨਿਟ ਮੰਤਰੀ, ਚੌਧਰੀ ਕੰਵਰ ਪਾਲ ਗੁੱਜਰ ਨੇ ਕੀਤੀ। ਇਸ ਮੌਕੇ ਮੀਡੀਆ ਨਾਲ ਗੱਲ ਕਰਦਿਆਂ ਸ਼੍ਰੀ ਨਾਗਰ ਨੇ ਕਿਹਾ ਕਿ ਹਰਿਆਣਾ ਵਿੱਚ ਘਰੇਲੂ ਗੈਸ ਦੀ ਕੋਈ ਕਮੀ ਨਹੀਂ ਹੈ। ਇਸ ਤੋਂ ਇਲਾਵਾ ਵਪਾਰਕ ਗੈਸ ਸਪਲਾਈ ਵਧਾ ਕੇ 50 ਫ਼ੀਸਦ ਕਰ ਦਿੱਤੀ ਗਈ ਹੈ। ਕਮਰਸ਼ੀਅਲ ਗੈਸ ਸਪਲਾਈ ਇਸ ਸਮੇਂ ਹਸਪਤਾਲਾਂ, ਵਿਦਿਅਕ ਸੰਸਥਾਵਾਂ ਅਤੇ ਵਿਆਹ ਸਮਾਗਮਾਂ ਲਈ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਵਿਭਾਗ ਗੈਸ ਦੀ ਕਾਲਾਬਾਜ਼ਾਰੀ ਨੂੰ ਰੋਕਣ ਲਈ ਲਗਾਤਾਰ ਸਰਗਰਮ ਹੈ, ਅਤੇ ਨਿਯਮਿਤ ਤੌਰ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਹੁਣ ਤੱਕ, 9 ਮਾਮਲੇ ਦਰਜ ਕੀਤੇ ਗਏ ਹਨ ਅਤੇ 825 ਗੈਸ ਸਿਲੰਡਰ ਜ਼ਬਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਗੁੱਜਰ ਭਾਈਚਾਰੇ ਦੇ ਅੰਦਰ ਵਿਦਿਅਕ ਮੌਕਿਆਂ ਦੀ ਘਾਟ ਸੀ, ਹੁਣ ਭਾਈਚਾਰੇ ਦੇ ਨੌਜਵਾਨ ਆਈ ਏ ਐੱਸ, ਆਈ ਪੀ ਐੱਸ, ਨਿਆਂਪਾਲਿਕਾ ਅਤੇ ਇੰਜਨੀਅਰਿੰਗ ਵਰਗੇ ਖੇਤਰਾਂ ਵਿੱਚ ਲਗਾਤਾਰ ਆਪਣੀ ਪਛਾਣ ਬਣਾ ਰਹੇ ਹਨ। ਉਨ੍ਹਾਂ ਨੇ ਗੁੱਜਰ ਭਾਈਚਾਰੇ ਨੂੰ ਦਾਜ ਦੇਣ ਅਤੇ ਲੈਣ ਛੱਡਣ ਦੀ ਅਪੀਲ ਕੀਤੀ।

