ਪੱਤਰ ਪ੍ਰੇਰਕ
ਜੀਂਦ, 20 ਸਤੰਬਰ
ਉਚਾਨਾ ਥਾਣੇ ਦੇ ਇਲਾਕੇ ਵਿੱਚ ਪੈਂਦੇ ਪਿੰਡ ਬੜੋਦਾ ਤੇ ਪਿੰਡ ਮੋਹਨਗੜ੍ਹ ਛਾਪਰਾ ਵਿੱਚ ਲੱਗੇ ਜੀਓ ਦੇ ਮੋਬਾਈਲ ਟਾਵਰਾਂ ਤੋਂ ਚੋਰਾਂ ਨੇ 12 ਬੈਟਰੀਆਂ ਚੋਰੀ ਕਰ ਲਈਆਂ। ਪੁਲੀਸ ਸੂਤਰਾਂ ਅਨੁਸਾਰ ਬਰਵਾਲਾ ਹਲਕੇ ਪਿੰਡ ਜੇਵਰਾ ਨਿਵਾਸੀ ਮਨਦੀਪ ਵੱਲੋਂ ਉਚਾਨਾ ਥਾਣੇ ਵਿੱਚ ਦਰਜ ਕਰਵਾਈ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਉਹ ਜੀਓ ਕੰਪਨੀ ਵਿੱਚ ਕੰਮ ਕਰਦਾ ਹੈ। ਕੰਪਨੀ ਨੇ ਪਿੰਡ ਬੜੋਦਾ ਅਤੇ ਮੋਹਨਗੜ੍ਹ ਛਾਪਰਾ ਵਿੱਚ ਮੋਬਾਈਲ ਟਾਵਰ ਲਗਾਏ ਹਨ। 17 ਸਤੰਬਰ ਦੀ ਰਾਤ ਨੂੰ ਇਨ੍ਹਾਂ ਦੋਵੇਂ ਟਾਵਰਾਂ ਤੋਂ ਕੋਈ ਅਗਿਆਤ ਵਿਅਕਤੀ 6-6 ਬੈਟਰੀਆਂ ਚੋਰੀ ਕਰਕੇ ਲੈ ਗਏ ਹਨ। ਜਾਂਚ ਅਧਿਕਾਰੀ ਸੱਤਿਆਵਾਨ ਸਿੰਘ ਨੇ ਦੱਸਿਆ ਕਿ ਕੇਸ ਦਰਜ ਕਰ ਲਿਆ ਹੈ।
ਉੱਧਰ ਉਚਾਨਾ ਮੰਡੀ ਵਿੱਚ ਹੀ ਇੱਕ ਫੈਕਟਰੀ ਵਿੱਚ ਲੱਗੇ ਟਰਾਂਸਫਾਰਮਰ ’ਚੋਂ ਕਿਸੇ ਚੋਰਾਂ ਨੇ ਤਾਂਬਾ ਚੋਰੀ ਕਰ ਲਿਆ। ਫੈਕਟਰੀ ਦੇ ਮਾਲਿਕ ਸੱਤਪਾਲ ਸਿੰਘ ਨੇ ਉਚਾਨਾ ਪੁਲੀਸ ਨੂੰ ਸ਼ਿਕਾਇਤ ਦਿੱਤੀ ਕਿ ਉਚਾਨਾ ਮੰਡੀ ਵਿੱਚ ਉਸਦੀ ਲਕਸ਼ਮੀ ਕਾਟਨ ਮਿੱਲ ਫੈਕਟਰੀ ’ਚ ਲੱਗੇ 300 ਕੇਵੀ ਦੇ ਟਰਾਂਸਫਾਰਮਰ ’ਚੋਂ 16 ਸਤੰਬਰ ਦੀ ਸ਼ਾਮ ਨੂੰ ਕੋਈ ਤਾਂਬਾ ਚੋਰੀ ਕਰਕੇ ਲੈ ਗਿਆ, ਜਿਸ ਦਾ ਪਤਾ ਉਸਨੂੰ ਅਗਲੇ ਦਿਨ ਲੱਗਾ। ਜਾਂਚ ਅਧਿਕਾਰੀ ਐੱਚਸੀ ਰਾਜੇਸ਼ ਕੁਮਾਰ ਨੇ ਦੱਸਿਆ ਕਿ ਸੱਤਪਾਲ ਦੀ ਸ਼ਿਕਾਇਤ ’ਤੇ ਕੇਸ ਦਰਜ ਕਰ ਲਿਆ ਹੈ।