Theatre Festival: ‘ਯੁੱਗ ਪਰਿਵਰਤਨ’ ਦੇ ਮੰਚਨ ਨੇ ਦਰਸ਼ਕ ਭਾਵੁਕ ਕੀਤੇ
ਨਿਊ ਉਤਥਾਨ ਥੀਏਟਰ ਗਰੁੱਪ ਵੱਲੋਂ ਹਰਿਆਣਾ ਕਲਾ ਪਰਿਸ਼ਦ ਅਤੇ ਉੱਤਰੀ ਖੇਤਰੀ ਸੱਭਿਆਚਾਰਕ ਕੇਂਦਰ (ਐੱਨ ਜ਼ੈੱਡ ਸੀ ਸੀ) ਪਟਿਆਲਾ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ‘ਉਤਥਾਨ ਉਤਸਵ’ ਦੇ ਦੂਜੇ ਦਿਨ ਨਾਟਕ ‘ਯੁੱਗ ਪਰਿਵਰਤਨ’ ਖੇਡਿਆ ਗਿਆ। ਇਹ ਸਮਾਗਮ ਗਰੁੱਪ ਦੀ 17ਵੀਂ ਵਰ੍ਹੇਗੰਢ...
ਨਿਊ ਉਤਥਾਨ ਥੀਏਟਰ ਗਰੁੱਪ ਵੱਲੋਂ ਹਰਿਆਣਾ ਕਲਾ ਪਰਿਸ਼ਦ ਅਤੇ ਉੱਤਰੀ ਖੇਤਰੀ ਸੱਭਿਆਚਾਰਕ ਕੇਂਦਰ (ਐੱਨ ਜ਼ੈੱਡ ਸੀ ਸੀ) ਪਟਿਆਲਾ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ‘ਉਤਥਾਨ ਉਤਸਵ’ ਦੇ ਦੂਜੇ ਦਿਨ ਨਾਟਕ ‘ਯੁੱਗ ਪਰਿਵਰਤਨ’ ਖੇਡਿਆ ਗਿਆ। ਇਹ ਸਮਾਗਮ ਗਰੁੱਪ ਦੀ 17ਵੀਂ ਵਰ੍ਹੇਗੰਢ ਨੂੰ ਸਮਰਪਿਤ ਸੀ। ਵਿਕਾਸ ਸ਼ਰਮਾ ਦੀ ਲਿਖਤ ਅਤੇ ਨਿਰਦੇਸ਼ਨ ਹੇਠ ਖੇਡੇ ਗਏ ਇਸ ਨਾਟਕ ਨੇ ਦਰਸ਼ਕਾਂ ਦੇ ਮਨਾਂ ਉੱਤੇ ਡੂੰਘੀ ਛਾਪ ਛੱਡੀ।
ਇਸ ਮੌਕੇ ਗੁਲਜ਼ਾਰੀ ਲਾਲ ਨੰਦਾ ਮੈਮੋਰੀਅਲ ਦੀ ਡਾਇਰੈਕਟਰ ਪ੍ਰੋਫੈਸਰ ਸ਼ੁਚਿਸਮਿਤਾ ਸ਼ਰਮਾ, ਐੱਨ ਆਈ ਟੀ ਤੋਂ ਪ੍ਰੋਫੈਸਰ ਕਰਨ ਸ਼ਰਮਾ ਅਤੇ ਪੈਨੋਰਮਾ ਦੇ ਇੰਚਾਰਜ ਸੁਰੇਸ਼ ਸੋਨੀ ਮੁੱਖ ਮਹਿਮਾਨ ਵਜੋਂ ਪੁੱਜੇ। ਥੀਏਟਰ ਗਰੁੱਪ ਦੇ ਪ੍ਰਧਾਨ ਨੀਰਜ ਸੇਠੀ ਨੇ ਪੌਦੇ ਭੇਟ ਕਰ ਕੇ ਉਨ੍ਹਾਂ ਦਾ ਸਵਾਗਤ ਕੀਤਾ, ਜਦਕਿ ਡਾ. ਮੋਹਿਤ ਗੁਪਤਾ ਨੇ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਬਾਖ਼ੂਬੀ ਨਿਭਾਈ।
ਸਮਾਗਮ ਦਾ ਉਦਘਾਟਨ ਕਰਦਿਆਂ ਪ੍ਰੋਫੈਸਰ ਸ਼ੁਚਿਸਮਿਤਾ ਸ਼ਰਮਾ ਨੇ ਕਿਹਾ ਕਿ ਆਜ਼ਾਦੀ ਸਾਨੂੰ ਤੋਹਫ਼ੇ ਵਿੱਚ ਨਹੀਂ ਮਿਲੀ ਸਗੋਂ ਇਹ ਸਾਡੇ ਪੁਰਖਿਆਂ ਦੇ ਖ਼ੂਨ ਅਤੇ ਕੁਰਬਾਨੀਆਂ ਦਾ ਸਿੱਟਾ ਹੈ।
ਨਾਟਕ ‘ਯੁੱਗ ਪਰਿਵਰਤਨ’ ਮੌਜੂਦਾ ਸਮੇਂ ਅਤੇ ਬੀਤੇ ਇਤਿਹਾਸ ਦੇ ਸੁਮੇਲ ਉੱਤੇ ਆਧਾਰਿਤ ਸੀ। ਕਹਾਣੀ ਦੀ ਸ਼ੁਰੂਆਤ ਵਿੱਚ ਇੱਕ 70 ਸਾਲਾਂ ਦਾ ਬਜ਼ੁਰਗ ਆਪਣੀ ਪੋਤੀ ਕਾਵਿਆ ਨੂੰ ‘ਵੰਦੇ ਮਾਤਰਮ’ ਗੀਤ ਪਿੱਛੇ ਲੁਕੀ ਸ਼ਹਾਦਤ ਦੀ ਕਹਾਣੀ ਸੁਣਾਉਂਦਾ ਹੈ। ਨਾਟਕ ਰਾਹੀਂ 1770 ਵਿੱਚ ਬੰਗਾਲ ਅੰਦਰ ਪਏ ਭਿਆਨਕ ਅਕਾਲ ਦਾ ਦ੍ਰਿਸ਼ ਪੇਸ਼ ਕੀਤਾ ਗਿਆ ਜਿੱਥੇ ਲੋਕ ਭੁੱਖ ਨਾਲ ਮਰ ਰਹੇ ਸਨ, ਪਰ ਅੰਗਰੇਜ਼ ਅਧਿਕਾਰੀ ਕੋਹੜੇ ਮਾਰ ਕੇ ਉਨ੍ਹਾਂ ਤੋਂ ਜਬਰੀ ਟੈਕਸ ਵਸੂਲ ਰਹੇ ਸਨ। ਇਸ ਮਾਹੌਲ ਵਿੱਚ ਡਿਪਟੀ ਮੈਜਿਸਟਰੇਟ ਬੰਕਿਮ ਚੰਦਰ ਚਟੋਪਾਧਿਆਏ ਨੇ ਆਪਣੀ ਜ਼ਮੀਰ ਦੀ ਆਵਾਜ਼ ਸੁਣ ਕੇ ‘ਵੰਦੇ ਮਾਤਰਮ’ ਗੀਤ ਲਿਖਿਆ। ਮੰਚ ਉੱਤੇ ਜਦੋਂ 19 ਸਾਲਾ ਇਨਕਲਾਬੀ ਖੁਦੀ ਰਾਮ ਬੋਸ ਉੱਤੇ ਜੇਲ੍ਹ ਵਿੱਚ ਹੁੰਦੇ ਅੰਨ੍ਹੇ ਤਸ਼ੱਦਦ ਦਾ ਦ੍ਰਿਸ਼ ਪੇਸ਼ ਹੋਇਆ ਤਾਂ ਦਰਸ਼ਕ ਆਪਣੇ ਹੰਝੂ ਨਾ ਰੋਕ ਸਕੇ। ਇਸ ਤੋਂ ਇਲਾਵਾ ਮਦਨ ਲਾਲ ਢੀਂਗਰਾ ਵੱਲੋਂ ਲੰਡਨ ਜਾ ਕੇ ਅੰਗਰੇਜ਼ ਅਫ਼ਸਰ ਕਰਜ਼ਨ ਵਾਇਲੀ ਨੂੰ ਗੋਲੀ ਮਾਰਨ ਅਤੇ ਵੀਰ ਸਾਵਰਕਰ ਵੱਲੋਂ ਕੀਤੇ ਬਚਾਅ ਦੇ ਦ੍ਰਿਸ਼ਾਂ ਨੇ ਆਡੀਟੋਰੀਅਮ ਵਿੱਚ ਦੇਸ਼ ਭਗਤੀ ਦਾ ਅਜਿਹਾ ਜਜ਼ਬਾ ਭਰਿਆ ਕਿ ਪੂਰਾ ਹਾਲ ‘ਵੰਦੇ ਮਾਤਰਮ’ ਦੇ ਨਾਅਰਿਆਂ ਨਾਲ ਗੂੰਜ ਉੱਠਿਆ।
ਨਾਟਕ ਵਿੱਚ ਸਾਗਰ ਸ਼ਰਮਾ ਨੇ ਦਾਦੇ ਅਤੇ ਨਵਿਆ ਮਹਿਤਾ ਨੇ ਪੋਤੀ ਦੀ ਭੂਮਿਕਾ ਨਿਭਾਈ। ਡਾ. ਰਾਜੀਵ ਕੁਮਾਰ ਨੇ ਬੰਕਿਮ ਚੰਦਰ, ਜੇਲਰ ਅਤੇ ਜੱਜ ਦਾ ਕਿਰਦਾਰ ਨਿਭਾਇਆ ਜਦਕਿ ਹਿਤੇਸ਼ ਜੰਗਮ ਖੁਦੀ ਰਾਮ ਬੋਸ ਅਤੇ ਮਹਿੰਦਰ ਭਵ ਨੰਦ ਮਦਨ ਲਾਲ ਢੀਂਗਰਾ ਬਣੇ।

