ਟ੍ਰਾਈਸਿਟੀ ਵਿੱਚ ਅੱਜ ਸਵੇਰੇ ਮੌਸਮ ਦਾ ਮਿਜ਼ਾਜ ਅਚਾਨਕ ਬਦਲ ਗਿਆ। ਸਵੇਰੇ 7 ਤੋਂ 8 ਵਜੇ ਦਿਨ ਚੜ੍ਹਦਿਆਂ ਹੀ ਹਨੇਰਾ ਛਾ ਗਿਆ। ਇਸ ਦੌਰਾਨ ਝੱਖੜ ਤੋਂ ਬਾਅਦ ਪਏ ਮੀਂਹ ਨੇ ਆਮ ਜਨ-ਜੀਵਨ ਪ੍ਰਭਾਵਿਤ ਕੀਤਾ।
ਮੀਂਹ ਤੇ ਤੇਜ਼ ਹਵਾਵਾਂ ਨੇ ਲੋਕਾਂ ਨੂੰ ਅਤਿ ਦੀ ਗਰਮੀ ਤੋਂ ਰਾਹਤ ਦਿਵਾ ਦਿੱਤੀ ਹੈ ਤੇ ਤਾਪਮਾਨ 4.3 ਡਿਗਰੀ ਸੈਲਸੀਅਸ ਹੇਠਾਂ ਡਿੱਗ ਗਿਆ। ਝੱਖੜ ਕਾਰਨ ਸ਼ਹਿਰ ’ਚ 50 ਥਾਵਾਂ ’ਤੇ ਦਰੱਖਤ ਅਤੇ 14 ਬਿਜਲੀ ਦੇ ਖੰਬੇ ਡਿੱਗੇ ਹਨ। ਸ਼ਹਿਰ ਦੇ ਕਈ ਇਲਾਕਿਆਂ ਵਿੱਚ ਬੱਤੀ ਗੁੱਲ ਹੋ ਗਈ। ਬਿਜਲੀ ਵਿਭਾਗ ਨੇ ਭਾਰੀ ਮੁਸ਼ਕਤ ਤੋਂ ਬਾਅਦ ਬਿਜਲੀ ਸਪਲਾਈ ਨੂੰ ਮੁੜ ਤੋਂ ਚਾਲੂ ਕਰ ਦਿੱਤਾ।
ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ 7 ਵਜੇ ਅਚਾਨਕ ਮੌਸਮ ਖਰਾਬ ਹੋ ਗਿਆ। ਇਸ ਦੌਰਾਨ ਦਿਨ ਚੜ੍ਹਨ ਤੋਂ ਬਾਅਦ ਮੁੜ ਤੋਂ ਹਨੇਰਾ ਛਾ ਗਿਆ ਅਤੇ ਹਨੇਰੀ ਚੱਲ ਪਈ। ਚੰਡੀਗੜ੍ਹ ਵਿੱਚ 60 ਤੋਂ 70 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲੀਆਂ, ਜਦੋਂ ਕਿ ਮੁਹਾਲੀ ਤੇ ਪੰਚਕੂਲਾ ਵਿੱਚ ਵੀ ਇਹੀ ਹਾਲ ਰਿਹਾ ਹੈ। ਤੇਜ਼ ਹਵਾਵਾਂ ਕਰ ਕੇ ਸੈਕਟਰ 37-38 ਵਾਲੀ ਸੜਕ, ਸੈਕਟਰ 26 ਸਟਰਾਬਰੀ ਸਕੂਲ ਅਤੇ ਹੋਰ ਕਈ ਥਾਵਾਂ ’ਤੇ ਸੜਕਾਂ ਕਿਨਾਰੇ ਲੱਗੇ ਦਰੱਖਤ ਡਿੱਗ ਗਏ। ਇਸੇ ਦੌਰਾਨ ਸੈਕਟਰ 20 ਵਿੱਚ ਭਾਗਵਤ ਕਥਾ ਲਈ ਲਗਾਇਆ ਟੈਂਟ ਡਿੱਗ ਗਿਆ। ਹਨੇਰੀ ਦੌਰਾਨ ਲੋਕਾਂ ਨੂੰ ਵਾਹਨ ਚਲਾਉਣ ਵਿੱਚ ਵੀ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਚੰਡੀਗੜ੍ਹ ਵਿੱਚ ਵੱਧ ਤੋਂ ਵੱਧ ਤਾਪਮਾਨ 33.2 ਡਿਗਰੀ ਸੈਲਸੀਅਸ ਦਰਜ ਕੀਤਾ ਹੈ, ਜੋ ਕਿ ਆਮ ਨਾਲੋਂ 4.3 ਡਿਗਰੀ ਸੈਲਸੀਅਸ ਘੱਟ ਰਿਹਾ। ਇਸ ਦੇ ਨਾਲ ਹੀ ਸ਼ਹਿਰ ਵਿੱਚ 24.5 ਐੱਮਐੱਮ ਮੀਂਹ ਪਿਆ ਹੈ। ਮੁਹਾਲੀ ਤੇ ਪੰਚਕੂਲਾ ਵਿੱਚ ਤਾਪਮਾਨ 32 ਡਿਗਰੀ ਸੈਲਸੀਅਸ ਦੇ ਕਰੀਬ ਦਰਜ ਕੀਤਾ। ਮੀਂਹ ਪੈਣ ਤੋਂ ਬਾਅਦ ਚੰਡੀਗੜ੍ਹ ਦੀ ਸੁਖਨਾ ਝੀਲ, ਰੌਕ ਗਾਰਡਨ ਤੇ ਰੋਜ਼ ਗਾਰਡਨ ਸਣੇ ਹੋਰਨਾਂ ਘੁੰਮਣ-ਫਿਰਨ ਵਾਲੀਆਂ ਥਾਵਾਂ ’ਤੇ ਲੋਕਾਂ ਦੀ ਭੀੜ ਰਹੀ। ਅੱਜ ਛੁੱਟੀ ਵਾਲਾ ਦਿਨ ਹੋਣ ਕਾਰਨ ਵੱਡੀ ਗਿਣਤੀ ਲੋਕ ਚੰਡੀਗੜ੍ਹ ਵਿੱਚ ਸੁਹਾਵਣੇ ਮੌਸਮ ਦਾ ਆਨੰਦ ਮਾਨ ਰਹੇ ਸਨ। ਮੌਸਮ ਵਿਗਿਆਨੀਆਂ ਨੇ 4 ਤੇ 5 ਮਈ ਨੂੰ ਵੀ ਸ਼ਹਿਰ ਵਿੱਚ ਮੀਂਹ ਤੇ ਹਨੇਰੀ ਦੀ ਪੇਸ਼ੀਨਗੋਈ ਕੀਤੀ ਹੈ। ਇਸ ਦੌਰਾਨ ਦੋ ਦਿਨਾਂ ਲਈ ਔਰੈਂਜ ਅਲਰਟ ਵੀ ਜਾਰੀ ਕਰ ਦਿੱਤਾ ਗਿਆ ਹੈ।
ਮੁੱਲਾਂਪੁਰ ਗਰੀਬਦਾਸ (ਚਰਨਜੀਤ ਸਿੰਘ ਚੰਨੀ): ਪਿੰਡ ਮੁੱਲਾਂਪੁਰ ਗਰੀਬਦਾਸ, ਨਵਾਂ ਗਰਾਉਂ ਅਤੇ ਨਿਊ ਚੰਡੀਗੜ੍ਹ ਇਲਾਕੇ ਵਿੱਚ ਅੱਜ ਮੀਂਹ ਪੈਣ ਕਾਰਨ ਗਰਮੀ ਤੋਂ ਕੁੱਝ ਰਾਹਤ ਮਿਲੀ। ਝੱਖੜ ਕਾਰਨ ਬਾਅਦ ਦੁਪਹਿਰ ਤੱਕ ਘਰੇਲੂ ਬਿਜਲੀ ਸਪਲਾਈ ਠੱਪ ਰਹੀ। ਇਲਾਕੇ ਵਿੱਚ ਕਈ ਥਾਈਂ ਦਰੱਖ਼ਤ ਡਿੱਗ ਗਏ। ਸੜਕਾਂ ’ਤੇ ਪਏ ਟੋਇਆਂ ਵਿੱਚ ਪਾਣੀ ਭਰ ਗਿਆ। ਨਵਾਂ ਗਰਾਉਂ ਵਿੱਚ ਨਿਕਾਸੀ ਸਹੀ ਨਾ ਹੋਣ ਕਾਰਨ ਜਨਤਾ ਕਲੋਨੀ, ਪਿੰਡ ਛੋਟੀ ਕਰੌਰਾਂ ਵਾਲੀ ਮੁੱਖ ਸੜਕ ’ਤੇ ਪਾਣੀ ਖੜ੍ਹਾ ਹੋਣ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਲੋਕਾਂ ਨੇ ਨਵਾਂ ਗਰਾਉਂ ਨਗਰ ਕੌਂਸਲ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕੇ। ਲੋਕਾਂ ਨੇ ਹਲਕਾ ਖਰੜ ਅਧੀਨ ਪੈਂਦੇ ਪਿੰਡਾਂ ਦੀਆਂ ਲਿੰਗ ਸੜਕਾਂ ਦੀ ਤੁਰੰਤ ਮੁਰੰਮਤ ਕਰਵਾਉਣ ਦੀ ਮੰਗ ਕੀਤੀ।
ਪੰਚਕੂਲਾ (ਪੀ ਪੀ ਵਰਮਾ): ਝੱਖੜ ਕਾਰਨ ਪੰਚਕੂਲਾ-ਯਮੁਨਾਨਗਰ ਰਾਜਮਾਰਗ ’ਤੇ ਕਈ ਦਰੱਖ਼ਤ ਡਿੱਗ ਗਏ। ਭਾਰੀ ਮੀਂਹ ਕਾਰਨ ਕਈ ਥਾਈਂ ਸੜਕਾਂ ਟੁੱਟ ਗਈਆਂ ਅਤੇ ਚੌਕ-ਚੌਰਾਹਿਆਂ ’ਚ ਪਾਣੀ ਭਰ ਗਿਆ। ਘੱਗਰ ਨਦੀ, ਕੁਸ਼ੱਲਿਆ ਨਦੀ ਵਿੱਚ ਪਾਣੀ ਚੜ੍ਹ ਗਿਆ। ਸੈਕਟਰ 20 ਦੀਆਂ ਹਾਊਸਿੰਗ ਸੁਸਾਇਟੀਆਂ ਅੱਗੇ ਪਾਣੀ ਖੜ੍ਹ ਗਿਆ। ਅੱਜ ਝੱਖੜ ਕਾਰਨ ਦੁੱਧ ਤੇ ਬ੍ਰੈੱਡ ਬੂਥਾਂ ’ਤੇ ਲੇਟ ਪਹੁੰਚੇ। ਠੰਢੀਆਂ ਹਵਾਵਾਂ ਕਾਰਨ ਮੌਸਮ ਠੰਢਾ ਰਿਹਾ।
ਮੁਹਾਲੀ ਵਿੱਚ ਬਿਜਲੀ ਅਤੇ ਪਾਣੀ ਸਪਲਾਈ ਪ੍ਰਭਾਵਿਤ
ਐੱਸ ਏ ਐੱਸ ਨਗਰ (ਮੁਹਾਲੀ) (ਕਰਮਜੀਤ ਸਿੰਘ ਚਿੱਲਾ): ਮੁਹਾਲੀ ਸ਼ਹਿਰ ਵਿਚ ਅੱਜ ਸਵੇਰੇ ਚੱਲੀਆਂ ਤੇਜ਼ ਹਵਾਵਾਂ ਕਾਰਨ ਦਰਜਨਾਂ ਦਰੱਖਤ ਟੁੱਟ ਗਏ। ਅਨੇਕਾਂ ਥਾਵਾਂ ’ਤੇ ਬਿਜਲੀ ਦੇ ਖੰਭੇ ਅਤੇ ਤਾਰਾਂ ਟੁੱਟਣ ਸਾਰਾ ਦਿਨ ਬਿਜਲੀ ਅਤੇ ਪਾਣੀ ਸਪਲਾਈ ਪ੍ਰਭਾਵਿਤ ਰਹੀ। ਕਈ ਥਾਈਂ ਗੱਡੀਆਂ ਵੀ ਨੁਕਸਾਨੀਆਂ ਗਈਆਂ। ਪਾਵਰਕੌਮ ਅਤੇ ਨਗਰ ਨਿਗਮ ਦੀਆਂ ਟੀਮਾਂ ਵੱਲੋਂ ਸਾਰਾ ਦਿਨ ਟੁੱਟੇ ਦਰੱਖਤਾਂ ਨੂੰ ਸੜਕਾਂ ਤੋਂ ਹਟਾਉਣ, ਬਿਜਲੀ ਸਪਲਾਈ ਚਾਲੂ ਕਰਨ ਲਈ ਲੱਗੀਆਂ ਰਹੀਆਂ। ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਪੁੱਤਰ ਕੰਵਰਬੀਰ ਰੂਬੀ ਸਿੱਧੂ ਅਤੇ ਨਗਰ ਨਿਗਮ ਦੀਆਂ ਚੋਣਾਂ ਲੜਨ ਦੇ ਚਾਹਵਾਨ ਕਈਂ ਉਮੀਦਵਾਰ ਵੀ ਆਪੋ-ਆਪਣੇ ਵਾਰਡਾਂ ਵਿਚ ਦਰੱਖ਼ਤ ਚੁਕਾਉਣ ਅਤੇ ਬਿਜਲੀ ਸਪਲਾਈ ਬਹਾਲ ਕਰਾਉਣ ’ਚ ਲੱਗੇ ਰਹੇ। ਹਨੇਰੀ ਨੇ ਸ਼ਹਿਰ ਦੇ ਫ਼ੇਜ਼ 7 ਦੇ ਮੰਦਿਰ ਦੇ ਨਾਲ ਖੜ੍ਹੇ ਪੁਰਾਣੇ ਬੋਹੜ ਨੂੰ ਜੜਾਂ ਸਣੇ ਉਖਾੜ ਦਿੱਤਾ। ਮੀਂਹ ਤੋਂ ਬਚਣ ਲਈ ਦਰੱਖਤ ਦੀ ਓਟ ਲਈ ਖੜ੍ਹਾ ਇੱਕ ਵਿਅਕਤੀ ਵੀ ਟਾਹਣੀਆਂ ’ਚ ਫਸ ਗਿਆ, ਜਿਸ ਨੂੰ ਲੋਕਾਂ ਨੇ ਬਾਹਰ ਕੱਢਿਆ। ਇੱਥੇ ਇੱਕ ਕਾਰ ਵੀ ਨੁਕਸਾਨੀ ਗਈ। ਸੈਕਟਰ 70 ਵਿੱਚ ਮੁੰਡੀ ਕੰਪਲੈਕਸ ਅਤੇ ਐੱਸ ਸੀ ਐੱਲ ਸੁਸਾਇਟੀ ਦੀ ਸਾਂਝੀ ਕੰਧ ਨਾਲ ਲੱਗੇ ਵੱਡੇ ਦਰੱਖਤ ਟੁੱਟਣ ਕਾਰਨ ਕੰਧ ਡਿੱਗ ਗਈ। ਕੰਧ ਨਾਲ ਪਾਰਕ ਕੀਤੀਆਂ ਕਈ ਕਾਰਾਂ ਨੁਕਸਾਨੀਆਂ ਗਈਆਂ। ਫ਼ੇਜ਼ 10, ਫ਼ੇਜ਼ 6 ਅਤੇ ਫ਼ੇਜ਼ 3 ਬੀ 2 ਵਿੱਚ ਵੀ ਵੱਡੇ ਟਾਹਣੇ ਡਿੱਗਣ ਕਾਰਨ ਖੰਭੇ ਟੁੱਟ ਗਏ, ਜਿਸ ਕਾਰਨ ਸ਼ਹਿਰ ਦੀ ਬਿਜਲੀ ਸਪਲਾਈ ਠੱਪ ਹੋ ਗਈ। ਫੇਜ਼ ਛੇ ਵਿੱਚ ਦਰੱਖਤ ਡਿੱਗਣ ਨਾਲ ਕਾਰ ਨੁਕਸਾਨੀ ਗਈ।

