ਪੱਤਰ ਪ੍ਰੇਰਕ
ਫ਼ਰੀਦਾਬਾਦ, 24 ਸਤੰਬਰ
ਹਾਸੇ ਤੇ ਵਿਅੰਗ ਨਾਲ ਭਰਪੂਰ ਬਲੈਕ ਕਾਮੇਡੀ ’ਤੇ ਆਧਾਰਿਤ ਵੀਹਵੀਂ ਸਦੀ ਦੇ ਪ੍ਰਸਿੱਧ ਰੂਸੀ ਨਾਟਕ ‘ਦਿ ਸੁਸਾਈਡ’ ਦਾ ਆਧੁਨਿਕ ਰੂਪਾਂਤਰ ਦਿੱਲੀ ਦੇ ‘ਮੈਡ ਵਨ ਥੀਏਟਰ’ ਵੱਲੋਂ ਜੇਸੀ ਵਿਵੇਕਾਨੰਦ ਆਡੀਟੋਰੀਅਮ, ਬੋਸ ਯੂਨੀਵਰਸਿਟੀ ਆਫ ਸਾਇੰਸ ਐਂਡ ਟੈਕਨਾਲੋਜੀ ਫਰੀਦਾਬਾਦ ਵਿੱਚ ਪੇਸ਼ ਕੀਤਾ ਗਿਆ। ਇਹ ਨਾਟਕ ਯੂਨੀਵਰਸਿਟੀ ਦੇ ਸੰਚਾਰ ਅਤੇ ਮੀਡੀਆ ਤਕਨਾਲੋਜੀ ਵਿਭਾਗ ਵੱਲੋਂ ਕਰਵਾਇਆ ਗਿਆ। ਥੀਏਟਰ ਦੀ 15 ਮੈਂਬਰੀ ਟੀਮ ਵੱਲੋਂ ਬਾਖੂਬੀ ਭੂਮਿਕਾਵਾਂ ਨਿਭਾਈਆਂ ਗਈਆਂ। ਅਸਲ ਵਿੱਚ ਰੂਸੀ ਨਾਟਕਕਾਰ ਨਿਕੋਲਾਈ ਏਰਡਮੈਨ ਦੁਆਰਾ ਇਹ ਨਾਟਕ 1928 ਵਿੱਚ ਲਿਖਿਆ ਗਿਆ ਸੀ।
ਇਸ ਨੂੰ ਸੈਫ ਅੰਸਾਰੀ ਦੁਆਰਾ ਭਾਰਤੀ ਦ੍ਰਿਸ਼ਟੀਕੋਣ ਦੇ ਅਨੁਸਾਰ ਢਾਲਿਆ ਗਿਆ ਅਤੇ ਪ੍ਰਸੰਗਿਕ ਬਣਾਇਆ ਗਿਆ ਹੈ।
ਨਾਟਕ ਸੈਮ ਨਾਮਕ ਇੱਕ ਬੇਰੁਜ਼ਗਾਰ ਨੌਜਵਾਨ ਦੀ ਜ਼ਿੰਦਗੀ ’ਤੇ ਕੇਂਦਰਿਤ ਹੈ, ਜੋ ਮੰਨਦਾ ਹੈ ਕਿ ਉਸ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਤੂੰਬਾ ਸਿੱਖਣ ਨਾਲ ਹੋ ਜਾਵੇਗਾ।
ਹਾਲਾਂਕਿ ਉਸ ਦੀ ਯੋਜਨਾ ਅਸਫਲ ਹੋ ਜਾਂਦੀ ਹੈ ਤੇ ਉਹ ਖੁਦਕੁਸ਼ੀ ਕਰਨ ਬਾਰੇ ਸੋਚਦਾ ਹੈ। ਫਿਰ ਉਸ ਦਾ ਗੁਆਂਢੀ ਅਲੈਕਸ ਪੈਸੇ ਕਮਾਉਣ ਲਈ ਉਸ ਦੀ ਖੁਦਕੁਸ਼ੀ ਦਾ ਫਾਇਦਾ ਉਠਾਉਣ ਦਾ ਫ਼ੈਸਲਾ ਕਰਦਾ ਹੈ। ਨਾਟਕ ਵਿੱਚ ਨਾਇਕ ਦੁਆਰਾ ਬੇਰੁਜ਼ਗਾਰ ਦੀ ਦੁਰਦਸ਼ਾ ਨੂੰ ਦਰਸਾਇਆ ਗਿਆ ਹੈ, ਜੋ ਮਰਨ ਲਈ ਬੇਤਾਬ ਹੈ। ਉਹ ਦੇਖਦਾ ਹੈ ਕਿ ਸਮਾਜ ਦੇ ਵੱਖ-ਵੱਖ ਬੁੱਧੀਜੀਵੀ, ਰਾਜਨੀਤਿਕ ਪਾਰਟੀਆਂ, ਧਾਰਮਿਕ ਆਗੂ, ਸਿਵਲ ਸੁਸਾਇਟੀ ਤੇ ਹੋਰ ਲੋਕ ਉਸ ਦੇ ਦੁੱਖਾਂ ਦਾ ਫਾਇਦਾ ਉਠਾਉਣ ਦੀ ਕੋਸ਼ਿਸ਼ ਕਰਦੇ ਹਨ। ਸੰਗੀਤ ਅਤੇ ਕਾਮੇਡੀ ਨੇ ਦਰਸ਼ਕਾਂ ਨੂੰ ਨਾਟਕ ਵਿੱਚ ਪੂਰੀ ਤਰ੍ਹਾਂ ਨਾਲ ਜੋੜੀ ਰੱਖਿਆ।