ਸਕੀਆਂ ਭੈਣਾਂ ਨੇ ਵਿੱਦਿਅਕ ਖੇਤਰ ’ਚ ਮੱਲਾਂ ਮਾਰੀਆਂ
ਮਾਨਿਆ ਛੇਵੀਂ ਜਮਾਤ ’ਚੋਂ ਅੱਵਲ ਤੇ ਜੀਆਂਸ਼ੀ ਚੌਥੀ ’ਚੋਂ ਤੀਜੇ ਸਥਾਨ ’ਤੇ ਰਹੀ
ਸ਼ਹਿਰ ਦੇ ਡੀ ਏ ਵੀ ਸ਼ਤਾਬਦੀ ਪਬਲਿਕ ਸਕੂਲ ਵਿੱਚ ਪੜ੍ਹਦੀਆਂ ਦੋ ਸਕੀਆਂ ਭੈਣਾਂ ਨੇ ਸ਼ਾਨਦਾਰ ਵਿੱਦਿਅਕ ਪ੍ਰਾਪਤੀਆਂ ਹਾਸਲ ਕਰ ਕੇ ਆਪਣੇ ਸਕੂਲ ਅਤੇ ਪਰਿਵਾਰ ਦਾ ਨਾਮ ਰੌਸ਼ਨ ਕੀਤਾ ਹੈ। ਵਿਦਿਆਰਥਣ ਮਾਨਿਆ ਨੇ ਬਿਹਤਰੀਨ ਕਾਰਗੁਜ਼ਾਰੀ ਦਿਖਾਉਂਦਿਆਂ ਸਕੂਲ ਦੀ ਛੇਵੀਂ ਜਮਾਤ ਦੇ ਸਾਰੇ ਸੈਕਸ਼ਨਾਂ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸ ਪ੍ਰਾਪਤੀ ਸਦਕਾ ਸਕੂਲ ਅੰਦਰ ਖੁਸ਼ੀ ਦਾ ਮਾਹੌਲ ਹੈ ਅਤੇ ਅਧਿਆਪਕਾਂ ਨੇ ਹੋਣਹਾਰ ਬੱਚੀ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ ਹੈ। ਦੂਜੇ ਪਾਸੇ, ਮਾਨਿਆ ਦੀ ਛੋਟੀ ਭੈਣ ਜੀਆਂਸ਼ੀ ਗੁਪਤਾ ਨੇ ਚੌਥੀ ਜਮਾਤ ਦੀ ਪ੍ਰੀਖਿਆ ਵਿੱਚ ਤੀਜਾ ਸਥਾਨ ਹਾਸਲ ਕਰ ਕੇ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ ਹੈ। ਦੋਵੇਂ ਭੈਣਾਂ ਦੀ ਇਸ ਵੱਡੀ ਸਫਲਤਾ ਕਾਰਨ ਪਰਿਵਾਰ ਅੰਦਰ ਭਾਰੀ ਉਤਸ਼ਾਹ ਹੈ।
ਸਕੂਲ ਦੀ ਪ੍ਰਿੰਸੀਪਲ ਰਸ਼ਮੀ ਵਿਦਿਆਰਥੀ ਨੇ ਦੋਵੇਂ ਵਿਦਿਆਰਥਣਾਂ ਨੂੰ ਵਧਾਈ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਦੋਵੇਂ ਬੱਚੀਆਂ ਸ਼ੁਰੂ ਤੋਂ ਹੀ ਇਸੇ ਸਕੂਲ ਦੀਆਂ ਵਿਦਿਆਰਥਣਾਂ ਹਨ ਅਤੇ ਹਰ ਸਾਲ ਮੈਰਿਟ ਸੂਚੀ ਅੰਦਰ ਥਾਂ ਬਣਾਉਂਦੀਆਂ ਆ ਰਹੀਆਂ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਸਫਲਤਾ ਹਮੇਸ਼ਾ ਮਿਹਨਤ ਅਤੇ ਲਗਨ ਨਾਲ ਹੀ ਮਿਲਦੀ ਹੈ ਅਤੇ ਬਾਕੀ ਵਿਦਿਆਰਥੀਆਂ ਨੂੰ ਵੀ ਇਨ੍ਹਾਂ ਹੋਣਹਾਰ ਬੱਚੀਆਂ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ। ਮਾਨਿਆ ਅਤੇ ਜੀਆਂਸ਼ੀ ਦੀ ਮਾਤਾ ਰਚਨਾ ਰਾਣੀ ਨੇ ਆਪਣੇ ਬੱਚਿਆਂ ਦੀ ਇਸ ਉਪਲਬਧੀ ’ਤੇ ਖੁਸ਼ੀ ਪ੍ਰਗਟਾਈ।

