ਫਰੀਦਾਬਾਦ (ਪੱਤਰ ਪ੍ਰੇਰਕ): ਨਗਰ ਨਿਗਮ ਵੱਲੋਂ ਨਾਜਾਇਜ਼ ਕਬਜ਼ਿਆਂ ਵਿਰੁੱਧ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸੇ ਲੜੀ ਤਹਿਤ ਅੱਜ ਚਿਮਨੀ ਬਾਈ ਚੌਕ ਰੋਡ ਦੇ ਨੇੜੇ ਕਬਜ਼ਿਆਂ ਨੂੰ ਹਟਾਇਆ ਗਿਆ ਅਤੇ ਬਾਟਾ ਚੌਕ ਤੋਂ ਪਿਆਲੀ ਚੌਕ ਤੱਕ ਸੜਕਾਂ ਦੇ ਕਿਨਾਰਿਆਂ ਅਤੇ ਜਨਤਕ ਥਾਵਾਂ ’ਤੇ ਕੀਤੇ ਨਾਜਾਇਜ਼ ਕਬਜ਼ਿਆਂ ਨੂੰ ਵੀ ਹਟਾਇਆ ਗਿਆ। ਸੈਕਟਰ-22 ਵਿੱਚ ਸੜਕ ’ਤੇ ਪੌੜੀਆਂ ਬਣਾਉਣ ਸਬੰਧੀ ਮਕਾਨ ਮਾਲਕਾਂ ਦੀ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਇਸ ਨੂੰ ਢਾਹ ਦਿੱਤਾ ਗਿਆ। ਪੁਰਾਣੇ ਫਰੀਦਾਬਾਦ ਦੇ ਸੈਕਟਰ-19, 28, 29 ਅਤੇ 31 ਵਿਚ ਜਨਤਕ ਥਾਵਾਂ ’ਤੇ ਕੀਤੇ ਨਾਜਾਇਜ਼ ਕਬਜ਼ਿਆਂ ਨੂੰ ਵੀ ਹਟਾਇਆ ਗਿਆ। ਨਗਰ ਨਿਗਮ ਕਮਿਸ਼ਨਰ ਨੇ ਕਿਹਾ ਕਿ ਨਿਗਮ ਖੇਤਰ ਵਿਚ ਕਿਸੇ ਵੀ ਤਰ੍ਹਾਂ ਦੀ ਨਾਜਾਇਜ਼ ਉਸਾਰੀ/ਕਬਜ਼ਿਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਅਜਿਹੀਆਂ ਸਾਰੀਆਂ ਉਸਾਰੀਆਂ ਬਿਲਡਰਾਂ ਨੂੰ ਆਪਣੇ ਤੌਰ ’ਤੇ ਹੀ ਹਟਾਉਣਾ ਚਾਹੀਦਾ ਹੈ।