ਸਭ ਤੋਂ ਮਹਿੰਗਾ 1.17 ਕਰੋੜ ਰੁਪਏ ਦਾ ਵਾਹਨ ਦਾ ਨੰਬਰ ਲੈਣ ਵਾਲਾ ਮੁੱਕਰਿਆ
ਹਰਿਆਣਾ ਦੇ ਚਰਖੀ ਦਾਦਰੀ ਨਾਲ ਸਬੰਧਤ ਸਭ ਤੋਂ ਮਹਿੰਗਾ ਨੰਬਰ 1.17 ਕਰੋੜ ਰੁਪਏ ਵਿਚ ਹਾਸਲ ਕਰਨ ਵਾਲੇ ਨੇ ਅੱਜ ਪੂਰੀ ਰਕਮ ਦਾ ਭੁਗਤਾਨ ਨਾ ਕੀਤਾ ਜਿਸ ਕਾਰਨ ਟਰਾਂਸਪੋਰਟ ਅਧਿਕਾਰੀਆਂ ਵਲੋਂ ਸਭ ਤੋਂ ਮਹਿੰਗੇ ਵਾਹਨ ਰਜਿਸਟ੍ਰੇਸ਼ਨ ਨੰਬਰ ਨੂੰ ਮੁੜ ਨਿਲਾਮ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਨੰਬਰ ਲਈ ਪੂਰੀ ਰਕਮ ਅੱਜ ਦੁਪਹਿਰ ਤਕ ਜਮ੍ਹਾਂ ਕਰਵਾਉਣੀ ਸੀ। ਟਰਾਂਸਪੋਰਟ ਵਿਭਾਗ ਦੇ ਅਧਿਕਾਰੀ ਨੇ ਪੁਸ਼ਟੀ ਕੀਤੀ ਕਿ ਫੈਂਸੀ ਨੰਬਰ HR88B8888 ਲਈ ਬੋਲੀ ਦਾ ਜੇਤੂ ਚਰਖੀ ਦਾਦਰੀ ਜ਼ਿਲ੍ਹੇ ਦੇ ਬਾਧਰਾ ਸਬ-ਡਿਵੀਜ਼ਨ ਨਾਲ ਸਬੰਧਤ ਹੈ ਜਿਸ ਨੇ ਪਿਛਲੇ ਬੁੱਧਵਾਰ ਨੂੰ ਬੰਦ ਹੋਈ ਨਿਲਾਮੀ ਵਿੱਚ 1.17 ਕਰੋੜ ਰੁਪਏ ਦੀ ਸਭ ਤੋਂ ਵੱਧ ਬੋਲੀ ਹਾਸਲ ਕੀਤੀ ਸੀ। ਉਸ ਨੇ ਬੋਲੀ ਦੀ ਰਕਮ ਦਾ ਭੁਗਤਾਨ ਨਹੀਂ ਕੀਤਾ। ਇਸ ਲਈ ਉਸ ਦੀ 10,000 ਰੁਪਏ ਦੀ ਸੁਰੱਖਿਆ ਜਮ੍ਹਾਂ ਰਾਸ਼ੀ ਜ਼ਬਤ ਕਰ ਲਈ ਗਈ ਹੈ। ਅਧਿਕਾਰੀ ਨੇ ਕਿਹਾ ਕਿ ਹੁਣ ਇਸ ਨੰਬਰ ਨੂੰ ਕੱਲ੍ਹ ਤੋਂ ਸ਼ੁਰੂ ਹੋਣ ਵਾਲੀ ਨਿਲਾਮੀ ਪ੍ਰਕਿਰਿਆ ਵਿੱਚ ਮੁੜ ਨਿਲਾਮ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਹਿਸਾਰ ਦੇ ਰਹਿਣ ਵਾਲੇ ਸੁਧੀਰ ਕੁਮਾਰ ਨੇ ਇਸ ਸਬੰਧੀ ਬੋਲੀ ਜਿੱਤੀ ਸੀ।
ਜ਼ਿਕਰਯੋਗ ਹੈ ਕਿ ਨੰਬਰ ਪਲੇਟ HR88B8888 ਨੇ ਦੇਸ਼ ਭਰ ਵਿੱਚ ਉਸ ਵੇਲੇ ਹੰਗਾਮਾ ਮਚਾ ਦਿੱਤਾ ਸੀ ਜਦੋਂ ਇਸ ਸਬੰਧੀ ਆਨਲਾਈਨ ਬੋਲੀ 1.17 ਕਰੋੜ ਤੱਕ ਪਹੁੰਚ ਗਈ ਸੀ। ਇਸ ਮੌਕੇ 45 ਜਣਿਆਂ ਨੇ ਬੋਲੀ ਦਿੱਤੀ ਸੀ।
ਇਸ ਬੋਲੀ ਲਈ ਮੂਲ ਕੀਮਤ 50,000 ਰੁਪਏ ਨਿਰਧਾਰਤ ਕੀਤੀ ਗਈ ਸੀ ਜੋ ਕਿ ਅਗਲੀ ਨਿਲਾਮੀ ਦੌਰਾਨ ਵੀ ਨਹੀਂ ਬਦਲੀ ਜਾਵੇਗੀ। ਫੈਂਸੀ ਨੰਬਰਾਂ ਲਈ ਬੋਲੀ ਵਿੱਚ ਹਿੱਸਾ ਲੈਣ ਲਈ ਸੁਰੱਖਿਆ ਮਨੀ ਵਜੋਂ 10,000 ਰੁਪਏ ਅਤੇ ਰਜਿਸਟ੍ਰੇਸ਼ਨ ਫੀਸ ਵਜੋਂ 1,000 ਰੁਪਏ ਜਮ੍ਹਾਂ ਕਰਵਾਉਣ ਦੀ ਲੋੜ ਹੁੰਦੀ ਹੈ। VIP/ਫੈਂਸੀ ਨੰਬਰਾਂ ਲਈ ਨਿਲਾਮੀ ਹਰ ਹਫ਼ਤੇ ਹੁੰਦੀ ਹੈ ਅਤੇ ਹਰੇਕ ਬੋਲੀ ਬੁੱਧਵਾਰ ਨੂੰ ਸ਼ਾਮ 5 ਵਜੇ ਬੰਦ ਹੁੰਦੀ ਹੈ।
