ਪੱਤਰ ਪ੍ਰੇਰਕ
ਰਤੀਆ, 26 ਸਤੰਬਰ
ਸਵੱਛਤਾ ਵਿਚ ਭਗਵਾਨ ਦਾ ਵਾਸ ਹੁੰਦਾ ਹੈ। ਹਰ ਵਿਅਕਤੀ ਨੂੰ ਸਵੱਛਤਾ ’ਤੇ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਜਿੱਥੇ ਸਵੱਛਤਾ ਹੋਵੇਗੀ ਉਥੇ ਬਿਮਾਰੀਆਂ ਵੀ ਨਹੀਂ ਉਪਜ ਸਕਣਗੀਆਂ। ਇਹ ਗੱਲ ਰਤੀਆ ਦੇ ਵਿਧਾਇਕ ਲਛਮਣ ਨਾਪਾ ਨੇ ਪਿੰਡ ਨਾਗਪੁਰ ਸਮੇਤ ਆਸ ਪਾਸ ਦੇ ਇਲਾਕੇ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਵਸ ਦੇ ਸਬੰਧ ਵਿਚ ਭਾਰਤੀ ਜਨਤਾ ਪਾਰਟੀ ਦੇ ਅਹੁਦੇਦਾਰਾਂ ਵੱਲੋਂ ਚਲਾਏ ਜਾ ਰਹੇ ਸੇਵਾ ਪੰਦਰਵਾੜਾ ਤਹਿਤ ਕਰਵਾਏ ਪ੍ਰੋਗਰਾਮ ਵਿੱਚ ਕਹੀ। ਉਨ੍ਹਾਂ ਕਿਹਾ ਕਿ ਪੂਰੇ ਦੇਸ਼ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਵਸ ਦੇ ਸਬੰਧ ਵਿਚ ਸੇਵਾ ਪੰਦਰਵਾੜਾ ਮਨਾਇਆ ਜਾ ਰਿਹਾ ਹੈ। ਇਸ ਤਹਿਤ ਜ਼ਿਲ੍ਹੇ ਭਰ ਵਿਚ ਵੀ ਭਾਜਪਾ ਜ਼ਿਲ੍ਹਾ ਪ੍ਰਧਾਨ ਬਲਦੇਵ ਗਰੋਹਾ ਦੀ ਅਗਵਾਈ ਵਿਚ ਵਰਕਰਾਂ ਵੱਲੋਂ ਉਤਸ਼ਾਹ ਨਾਲ ਪੰਦਰਵਾੜਾ ਮਨਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੰਦਰਵਾੜੇ ਤਹਿਤ ਸਫਾਈ ਮੁਹਿੰਮ, ਪੌਦੇ ਲਗਾਉਣ, ਖੂਨਦਾਨ ਕੈਂਪ ਸਮੇਤ ਵੱਖ ਵੱਖ ਸਮਾਗਮ ਸਮਾਜ ਅਤੇ ਦੇਸ਼ ਹਿੱਤ ਲਈ ਕੀਤੇ ਜਾ ਰਹੇ ਹਨ। ਇਹ ਪੰਦਰਵਾੜਾ 2 ਅਕਤੂਬਰ ਤੱਕ ਚੱਲੇਗਾ।
ਵਿਧਾਇਕ ਨਾਪਾ ਨੇ ਕਿਹਾ ਕਿ ਸਮਾਜ, ਰਾਸ਼ਟਰ ਲਈ ਸਵੱਛਤਾ ਦਾ ਵੱਡਾ ਮਹੱਤਵ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਆਪਾਂ ਆਪਣੇ ਰਹਿਣ ਵਾਲੇ ਗ੍ਰਹਿ ਸਥਾਨ ਤੇ ਆਲੇ ਦੁਆਲੇ ਨੂੰ ਸਾਫ ਸੁਥਰਾ ਕਰਦੇ ਹਾਂ ਇੰਜ ਹੀ ਆਪਣੇ ਖੇਤਰ ਦਾ ਖਿਆਲ ਰੱਖਣਾ ਚਾਹੀਦਾ ਹੈ। ਇਸ ਮੌਕੇ ਮੰਡਲ ਪ੍ਰਧਾਨ ਨਿਰਮਲ ਧਾਲੀਵਾਲ, ਸਾਬਕਾ ਸਰਪੰਚ ਰਾਧੇ ਸ਼ਾਮ ਸਿਹਾਗ, ਸੁਨੀਤ ਤਨੇਜਾ, ਸੰਜੀਵ ਕੰਬੋਜ, ਬਲਰਾਜ ਮੜ੍ਹ, ਹਰੀ ਸਿੰਘ ਹੜੌਲੀ, ਜੋਨੀ, ਅਜੈਬ ਸਿੰਘ ਹਾਜ਼ਰ ਸਨ।