ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਮੈਡੀਕਲ ਕਾਲਜ ਦੀ ਸੇਵਾ ਸੰਭਾਲ ਅਗਲੇ ਸਾਲ ਹਰਿਆਣਾ ਕਮੇਟੀ ਹੱਥ ਹੋਵੇਗੀ: ਝੀਂਡਾ

ਹਰਿਆਣਾ ਸਿੱਖ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਨੇ ਕੇਂਦਰੀ ਮੰਤਰੀ ਨਾਲ ਕੀਤੀ ਮੀਟਿੰਗ
Advertisement

ਪੱਤਰ ਪ੍ਰੇਰਕ

ਸ਼ਾਹਬਾਦ ਮਾਰਕੰਡਾ, 21 ਜੂਨ

Advertisement

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਚਲ ਰਹੇ ਸ਼ਾਹਬਾਦ ਦੇ ਮੀਰੀ ਪੀਰੀ ਮੈਡੀਕਲ ਕਾਲਜ ਤੇ ਹਸਪਤਾਲ ਦੀ ਸੇਵਾ ਸੰਭਾਲ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਅਗਲੇ ਸਾਲ ਜੁਲਾਈ ਤਕ ਆਪਣੇ ਹੱਥਾਂ ਵਿੱਚ ਲੈ ਲਵੇਗੀ। ਇਸ ਬਾਬਤ ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਨਾਲ ਵਿਚਾਰ ਵਟਾਂਦਰਾ ਕਰਕੇ ਸਰਕਾਰ ਤੋਂ ਸਹਿਯੋਗ ਦੀ ਅਪੀਲ ਵੀ ਕੀਤੀ ਗਈ। ਇਹ ਜਾਣਕਾਰੀ ਹਰਿਆਣਾ ਸਿੱਖ ਗੁਰਦੁਆਰਾ ਮੇਨੇਜਮੈਂਟ ਕਮੇਟੀ ਦੇ ਪ੍ਰਧਾਨ ਜਥੇਦਾਰ ਜਗਦੀਸ਼ ਸਿੰਘ ਝੀਂਡਾ ਨੇ ਇੱਥੇ ਦਿੱਤੀ। ਜਥੇਦਾਰ ਝੀਂਡਾ ਨੇ ਦੱਸਿਆ ਕਿ ਮੀਰੀ ਪੀਰੀ ਮੈਡੀਕਲ ਕਾਲਜ ਤੇ ਹਸਪਤਾਲ ਦੀ ਸੇਵਾ ਸੰਭਾਲ ਆਪਣੇ ਹੱਥਾਂ ਵਿਚ ਲੈ ਕੇ ਜੁਲਾਈ 2026 ਵਿੱਚ ਕਾਲਜ ਦਾ ਸੈਸ਼ਨ ਸ਼ੁਰੂ ਕਰਨ, ਜੀਂਦ ਵਿੱਚ 250 ਏਕੜ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਸਿੱਖ ਵਰਲਡ ਯੂਨੀਵਰਸਿਟੀ ਬਣਾਉਣ ਦੇ ਨਾਲ ਨਾਲ ਜੀਂਦ ਵਿਚ ਹੀ 100 ਏਕੜ ਜ਼ਮੀਨ ’ਤੇ ਮਾਤਾ ਗੁਜਰ ਕੌਰ ਮਹਿਲਾ ਯੂਨੀਵਰਸਿਟੀ ਬਣਾਉਣ, ਇਤਿਹਾਸਕ ਗੁਰਦੁਆਰਾ ਨਾਢਾ ਸਾਹਿਬ ਪੰਚਕੂਲਾ ਦੇ ਨਾਲ ਲਗਦੀ ਪੰਜ ਏਕੜ ਜ਼ਮੀਨ ਗੁਰੂਘਰ ਨੂੰ ਦਿਵਾਉਣ, ਗੁਰਦੁਆਰਾ ਨਾਢਾ ਸਾਹਿਬ ਵਿੱਚ ਲੰਘ ਰਹੀ ਹਾਈ ਟੇਸ਼ਨ ਪਾਵਰ ਲਾਈਨ ਵੋਲਟੇਜ ਨੂੰ ਬਾਹਰ ਕਰਨ ਜਾਂ ਜ਼ਮੀਨਦੋਜ ਕਰਨ ਤੇ ਉਦਯੋਗਪਤੀ ਅਡਾਨੀ ਜਾਂ ਟਾਟਾ ਗਰੁੱਪ ਨੂੰ ਸੂਬੇ ਦੇ ਸਾਰੇ ਗੁਰਦੁਆਰਿਆਂ ਵਿਚ ਮੁਫਤ ਸੋਲਰ ਸਿਸਟਮ ਦੀ ਸੇਵਾ ਕਰਾਉਣ ਜਿਹੇ ਮੁੱਦਿਆਂ ’ਤੇ ਕੇਂਦਰੀ ਮੰਤਰੀ ਮਨੋਹਰ ਲਾਲ ਨਾਲ ਸਲਾਹ ਮਸ਼ਵਰਾ ਕੀਤਾ ਗਿਆ ਹੈ। ਕੇਂਦਰੀ ਮੰਤਰੀ ਨੇ ਇਨ੍ਹਾਂ ਮੁੱਦਿਆਂ ਲਈ ਸਹਿਯੋਗ ਦਾ ਭਰੋਸਾ ਦਿੱਤਾ ਹੈ। ਇੰਨਾ ਹੀ ਨਹੀਂ ਗੁਰਦੁਆਰਾ ਧਮਧਾਨ ਸਾਹਿਬ ਦੀ ਖੇਤੀ ਜ਼ਮੀਨ ਲਈ ਭਾਖੜਾ ਨਹਿਰ ਤੋਂ ਛੋਟੀ ਨਹਿਰ ਕੱਢ ਕੇ ਪਾਣੀ ਦੇਣ ਦੀ ਮੰਗ ਵੀ ਕੀਤੀ ਗਈ। ਹਰਿਆਣਾ ਕਮੇਟੀ ਪ੍ਰਧਾਨ ਦੇ ਮੁਤਾਬਿਕ ਐੱਸਜੀਪੀਸੀ ਨੇ ਮੈਡੀਕਲ ਕਾਲਜ ਤੇ ਹਸਪਤਾਲ ਲਈ 50 ਕਰੋੜ ਰੁਪਏ ਦਾ ਕਰਜ਼ ਲਿਆ ਹੋਇਆ ਹੈ ਜੇ ਉਨ੍ਹਾਂ ਕੋਲ ਪੈਸੇ ਨਹੀਂ ਤਾਂ ਉਹ ਖਰਚ ਕਿਉਂ ਕਰ ਰਹੀ ਹੈ। ਇਸ ਮੌਕੇ ਸ੍ਰੀ ਝੀਂਡਾ ਨੇ ਰਾਣੀਆ ਵਿਚ ਕੈਂਸਰ ਦੇ ਇਲਾਜ ਲਈ ਹਸਪਤਾਲ ਬਣਾਉਣ ਦਾ ਐਲਾਨ ਵੀ ਕੀਤਾ ਹੈ। ਸਰਬਤ ਦਾ ਭਲਾ ਟਰੱਸਟ ਨੂੰ ਲੈਬ ਖੋਲ੍ਹਣ ਲਈ ਵੀ ਅਪੀਲ ਕੀਤੀ ਗਈ ਹੈ। ਝੀਂਡਾ ਨੇ ਦੱਸਿਆ ਕਿ ਹਰਿਆਣਾ ਕਮੇਟੀ ਨੇ ਇਤਿਹਾਸਕ ਗੁਰਦੁਆਰਾ ਨਾਢਾ ਸਾਹਿਬ ਦੇ ਦੋਵੇਂ ਪਾਸੇ ਸਰਕਾਰ ਤੋਂ ਢਾਈ ਢਾਈ ਏਕੜ ਜ਼ਮੀਨ ਦੇਣ ਦੀ ਮੰਗ ਕੀਤੀ ਹੈ ਜਿਸ ਵਿਚ ਇਕ ਪਾਸੇ ਕਮੇਟੀ ਵੱਲੋਂ ਯੂਪੀਐੱਸਈ ਪ੍ਰੀਖਿਆ ਦੀਆਂ ਤਿਆਰੀਆਂ ਲਈ ਸੈਂਟਰ ਬਣਾਉਣਾ ਸ਼ੁਰੂ ਕੀਤਾ ਜਾਏਗਾ ਤੇ ਦੂਜੇ ਪਾਸੇ ਸਰਾਂ ਬਣਾਉਣ ਦੀ ਯੋਜਨਾ ਹੈ। ਜੇ ਸਰਕਾਰ ਨੇ ਜ਼ਮੀਨ ਦੇ ਦਿੱਤੀ ਤਾਂ ਬਹੁਤ ਜਲਦ ਕੰਮ ਸ਼ੁਰੂ ਹੋ ਜਾਏਗਾ। ਇਸ ਮੌਕੇ ਕਮੇਟੀ ਮੈਂਬਰ ,ਸਟਾਫ ਤੇ ਕਈ ਪਤਵੰਤੇ ਮੌਜੂਦ ਸਨ।

Advertisement