ਪੱਤਰ ਪ੍ਰੇਰਕ
ਫਰੀਦਾਬਾਦ, 28 ਅਗਸਤ
ਨੂਹ ਵਿੱਚ ਜਲਅਭਿਸ਼ੇਕ ਯਾਤਰਾ ਦੇ ਮੱਦੇਨਜ਼ਰ ਫਰੀਦਾਬਾਦ ਪੁਲੀਸ ਨੂੰ ਹੱਥਾਂ-ਪੈਰਾਂ ਦੀ ਪਈ ਰਹੀ ਤੇ ਸਾਰੇ ਉੱਚ ਅਧਿਕਾਰੀਆਂ ਦਾ ਧਿਆਨ ਫਰੀਦਾਬਾਦ-ਗੁਰੂਗਰਾਮ ਅਤੇ ਪਲਵਲ ਜ਼ਿਲ੍ਹੇ ਦੀਆਂ ਹੱਦਾਂ ਦੀ ਚੌਕਸੀ ਵੱਲ ਲੱਗਾ ਰਿਹਾ। ਫਰੀਦਾਬਾਦ ਪੁਲੀਸ ਨੇ ਗੁਰੂਗ੍ਰਾਮ ਤੇ ਪਲਵਲ ਜ਼ਿਲ੍ਹਿਆਂ ਦੀਆਂ ਹੱਦਾਂ ’ਤੇ ਪਹਿਰੇਦਾਰੀ ਜਾਰੀ ਰੱਖੀ। ਨਾਲ ਹੀ ਪੁਲੀਸ ਨੇ ਅਫਵਾਹਾਂ ਫੈਲਾਉਣ ਤੋਂ ਰੋਕਣ ਲਈ ਸੋਸ਼ਲ ਮੀਡੀਆ ’ਤੇ ਵੀ ਨਜ਼ਰ ਰੱਖੀ। ਜ਼ਿਕਰਯੋਗ ਹੈ ਕਿ ਨੂਹ ਦੀ ਹਿੰਸਾ ਦਾ ਸੇਕ ਫਰੀਦਾਬਾਦ ਤੇ ਪਲਵਲ ਜ਼ਿਲ੍ਹਿਆਂ ਨੂੰ ਲੱਗਾ ਸੀ ਤੇ ਫਰੀਦਾਬਾਦ ਪੁਲੀਸ ਦੀ ਨਾਕਾਮੀ ਕਾਰਨ ਪੁਲੀਸ ਕਮਿਸ਼ਨਰ ਦੀ ਬਦਲੀ ਕੀਤੀ ਗਈ ਸੀ। ਸੰਭਾਵੀ ਜਲਅਭਿਸ਼ੇਕ ਯਾਤਰਾ ਦੇ ਸੰਦਰਭ ਵਿੱਚ ਫਰੀਦਾਬਾਦ ਵਿੱਚ ਅੰਤਰ-ਜ਼ਿਲ੍ਹਾ ਅਤੇ ਅੰਤਰਰਾਜੀ ਬਲਾਕ ਬਣਾਏ ਗਏ ਸਨ। ਆਮ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਤੋਂ ਬਚਾਉਣ ਲਈ ਪੂਰਾ ਧਿਆਨ ਰੱਖਿਆ ਗਿਆ। ਅੱਜ ਪੁਲੀਸ ਕਮਿਸ਼ਨਰ ਰਾਕੇਸ਼ ਕੁਮਾਰ ਆਰਿਆ ਨੇ ਅੰਤਰਰਾਜੀ ਤੇ ਅੰਤਰ ਜ਼ਿਲ੍ਹਾ ਬਲਾਕਾਂ ਦੀ ਚੈਕਿੰਗ ਕੀਤੀ। ਡੀਸੀਪੀ ਬੱਲਬਗੜ੍ਹ ਰਾਜੇਸ਼ ਦੁੱਗਲ, ਡੀਸੀਪੀ ਸੈਂਟਰਲ ਪੂਜਾ ਵਸ਼ਿਸ਼ਟ, ਡੀਸੀਪੀ ਐਨਆਈਟੀ ਨਰਿੰਦਰ ਕਾਦਿਆਨ ਆਪੋ-ਆਪਣੇ ਖੇਤਰਾਂ ਵਿੱਚ ਪੁਲੀਸ ਫੋਰਸ ਨਾਲ ਮੌਜੂਦ ਸਨ। ਵੱਖ-ਵੱਖ ਪੁਆਇੰਟਾਂ ’ਤੇ ਪੁਲੀਸ ਫੋਰਸ ਤਾਇਨਾਤ ਕੀਤੀ ਗਈ। ਜਾਣਕਾਰੀ ਅਨੁਸਾਰ ਦੁਰਗਾ ਬਿਲਡਰ, ਨਾਕਾ ਪੱਲਾ, ਸਰਾਏ ਟੌਲ ਪਲਾਜ਼ਾ ਤੇ ਬਦਰਪੁਰ ਪੁਲ ਫਲਾਈਓਵਰ ਦੇ ਹੇਠਾਂ, ਬਾਰਡਰ ਬਾਈਪਾਸ ਸਰਾਂ, ਹੀਰਾਪੁਲ, ਮੋਹਨਾ/ਅਮਰਪੁਰ ਨਾਕਾ, ਸੀਕਰੀ, ਮੁੰਬਈ-ਵਡੋਦਰਾ ਐਕਸਪ੍ਰੈਸਵੇਅ, ਜੇਸੀਬੀ ਚੌਕ, ਸੈਕਟਰ-58 ਖੋਰੀ ਜਮਾਲਪੁਰ, ਗੁਰੂਗ੍ਰਾਮ ਫਰੀਦਾਬਾਦ ਪਹਾੜੀ ਮਾਰਗ ਤੇ ਸੂਰਜਕੁੰਡ ਗੋਲ ਚੱਕਰ ਨੇੜੇ ਨਾਕੇ ਲਾ ਕੇ ਚੈਕਿੰਗ ਕੀਤੀ ਗਈ।