ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 18 ਫਰਵਰੀ
ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਪੰਜੋਖਰਾ ਸਾਹਿਬ ਵਿਚ ਪਾਵਨ ਕਦਮ ਪੈਣ ਸਬੰਧੀ ਸਾਲਾਨਾ ਆਗਮਨ ਦਵਿਸ ਦੇ ਸਬੰਧ ਵਿਚ ਅੱਜ ਤਿੰਨ ਰੋਜ਼ਾ ਸਮਾਗਮ ਨਗਰ ਕੀਰਤਨ ਨਾਲ ਸ਼ੁਰੂ ਹੋਏ। ਸਵੇਰੇ ਅਖੰਡ ਪਾਠ ਦੇ ਭੋਗ ਪਾਏ ਗਏ। ਇਸ ਮਗਰੋਂ ਭਾਈ ਕਰਮਜੀਤ ਸਿੰਘ ਦੇ ਜਥੇ ਨੇ ਕੀਰਤਨ ਤੇ ਭਾਈ ਜੋਰਾਵਰ ਸਿੰਘ ਦੇ ਜਥੇ ਨੇ ਕਵਿਸ਼ਰੀ ਕੀਤੀ। ਪੰਜ ਪਿਆਰਿਆਂ ਦੀ ਅਗਵਾਈ ਤੇ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਨਗਰ ਕੀਰਤਨ ਸ਼ੁਰੂ ਹੋਇਆ, ਜੋ ਪੰਜ ਪੜਾਵਾਂ ਤੋਂ ਹੁੰਦਾ ਹੋਇਆ ਦੇਰ ਸ਼ਾਮ ਗੁਰਦੁਆਰੇ ਪੁੱਜ ਕੇ ਸੰਪੂਰਨ ਹੋਇਆ। ਨਗਰ ਕੀਰਤਨ ਵਿੱਚ ਵੱਖ ਵੱਖ ਢਾਡੀ ਜਥਿਆਂ ਵੱਲੋਂ ਸੰਗਤਾਂ ਨੂੰ ਗੁਰੂ ਇਤਿਹਾਸ ਸਰਵਣ ਕਰਵਾਇਆ ਗਿਆ। ਅੱਜ ਦੇ ਸਮਾਗਮ ਵਿੱਚ ਸ਼੍ਰੋਮਣੀ ਕਮੇਟੀ ਮੈਂਬਰ ਨਿਰਮੈਲ ਸਿੰਘ ਜੌਲਾ, ਅਮਰੀਕ ਸਿੰਘ ਜਨੇਤਪੁਰ, ਅਮਰੀਕ ਸਿੰਘ ਬਰਨਾਲਾ ਤੇ ਕੁਲਦੀਪ ਸਿੰਘ ਹਾਜ਼ਰ ਰਹੇ।