ਚੋਣ ਅਧਿਕਾਰੀ ਨੇ SIR ਦਾ ਜਾਇਜ਼ਾ ਲਿਆ
ਰਤੀਆ ਹਲਕੇ ਦੇ ਵੱਖ-ਵੱਖ ਬੂਥਾਂ ਦਾ ਦੌਰਾ ਕੀਤਾ; ਯੋਗ ਨਾਗਰਿਕਾਂ ਨੂੰ ਵੋਟਰ ਸੂਚੀ ’ਚ ਸ਼ਾਮਲ ਕਰਨ ’ਤੇ ਜ਼ੋਰ
ਵੋਟਰ ਸੂਚੀਆਂ ਦੀ ਵਿਸ਼ੇਸ਼ ਵਿਆਪਕ ਸੁਧਾਈ (ਐੱਸ ਆਈ ਆਰ) ਪ੍ਰੋਗਰਾਮ ਤਹਿਤ ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਚੋਣ ਅਧਿਕਾਰੀ ਡਾ. ਵਿਵੇਕ ਭਾਰਤੀ ਨੇ ਅੱਜ ਰਤੀਆ ਵਿਧਾਨ ਸਭਾ ਹਲਕੇ ਵਿੱਚ ਵੋਟਰ ਸੂਚੀ ਸੋਧ ਕਾਰਜਾਂ ਦਾ ਨਿਰੀਖਣ ਕੀਤਾ। ਉਨ੍ਹਾਂ ਸਬੰਧਤ ਅਧਿਕਾਰੀਆਂ, ਸੁਪਰਵਾਈਜ਼ਰਾਂ ਅਤੇ ਬੀ ਐੱਲ ਓਜ਼ ਤੋਂ ਸੋਧ ਕੰਮਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਹਾਸਲ ਕੀਤੀ। ਇਸ ਮੌਕੇ ਐੱਸ ਡੀ ਐੱਮ ਸੁਰੇਂਦਰ ਸਿੰਘ ਅਤੇ ਚੋਣ ਡਿਪਟੀ ਤਹਿਸੀਲਦਾਰ ਰਾਜ ਕੁਮਾਰ ਸਮੇਤ ਹੋਰ ਅਧਿਕਾਰੀ ਹਾਜ਼ਰ ਸਨ। ਡਾ. ਵਿਵੇਕ ਭਾਰਤੀ ਨੇ ਅਯਾਲਕੀ, ਕਮਾਣਾ ਅਤੇ ਰਤੀਆ ਦੇ ਸਰਕਾਰੀ ਸਕੂਲਾਂ ਸਮੇਤ ਬੀ ਡੀ ਪੀ ਓ ਦਫ਼ਤਰ ਵਿੱਚ ਸਮੀਖਿਆ ਮੀਟਿੰਗਾਂ ਕੀਤੀਆਂ। ਉਨ੍ਹਾਂ ਹਦਾਇਤ ਕੀਤੀ ਕਿ ਹਰੇਕ ਬੂਥ ਉੱਤੇ ਵਿਸ਼ੇਸ਼ ਧਿਆਨ ਦੇ ਕੇ ਡਿਜੀਟਾਈਜ਼ੇਸ਼ਨ ਉੱਤੇ ਜ਼ੋਰ ਦਿੱਤਾ ਜਾਵੇ। ਉਨ੍ਹਾਂ ਸਪੱਸ਼ਟ ਕੀਤਾ ਕਿ ਫਾਰਮ ਵੰਡਣ ਦੀ ਪ੍ਰਕਿਰਿਆ ਲਗਭਗ ਮੁਕੰਮਲ ਹੈ, ਇਸ ਲਈ ਹੁਣ ਰੋਜ਼ਾਨਾ ਫਾਰਮ ਇਕੱਠੇ ਕਰਕੇ ਡਿਜੀਟਲ ਰੂਪ ਵਿੱਚ ਅਪਲੋਡ ਕੀਤੇ ਜਾਣ। ਜਿੱਥੇ ਫਾਰਮ ਵੰਡਣੇ ਬਾਕੀ ਹਨ, ਉੱਥੇ ਮੁਨਿਆਦੀ ਕਰਵਾ ਕੇ ਇਹ ਕੰਮ ਜਲਦੀ ਨੇਪਰੇ ਚਾੜ੍ਹਿਆ ਜਾਵੇ।
ਡਿਪਟੀ ਕਮਿਸ਼ਨਰ ਨੇ ਬੀ ਐੱਲ ਓਜ਼ ਵੱਲੋਂ ਘਰ-ਘਰ ਜਾ ਕੇ ਕੀਤੀ ਜਾ ਰਹੀ ਤਸਦੀਕ ਦਾ ਜਾਇਜ਼ਾ ਲਿਆ। ਉਨ੍ਹਾਂ ਵੋਟਰ ਸੂਚੀ ਵਿੱਚ ਨਵੇਂ ਨਾਂ ਜੋੜਨ, ਗਲਤੀਆਂ ਸੁਧਾਰਨ ਅਤੇ ਅਯੋਗ ਵੋਟਰਾਂ ਦੇ ਨਾਂ ਹਟਾਉਣ ਬਾਰੇ ਦਿਸ਼ਾ-ਨਿਰਦੇਸ਼ ਦਿੱਤੇ। ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਕੋਈ ਵੀ ਯੋਗ ਨਾਗਰਿਕ ਵੋਟਰ ਬਣਨ ਤੋਂ ਵਾਂਝਾ ਨਾ ਰਹੇ। ਮ੍ਰਿਤਕ ਜਾਂ ਸਥਾਨ ਬਦਲ ਚੁੱਕੇ ਅਯੋਗ ਵੋਟਰਾਂ ਦੇ ਵੇਰਵੇ ਬਹੁਤ ਧਿਆਨ ਨਾਲ ਅਪਡੇਟ ਕੀਤੇ ਜਾਣ ਤਾਂ ਜੋ ਪਾਰਦਰਸ਼ੀ ਚੋਣਾਂ ਲਈ ਗਲਤੀ ਰਹਿਤ ਸੂਚੀ ਤਿਆਰ ਹੋ ਸਕੇ।
ਨਾਗਰਿਕ ਭਾਰਤੀ ਚੋਣ ਕਮਿਸ਼ਨ ਦੇ ਵੋਟਰ ਸੇਵਾ ਪੋਰਟਲ ਉੱਤੇ ਔਨਲਾਈਨ ਰਜਿਸਟਰ ਕਰਕੇ ਵੀ ਆਪਣੀ ਜਾਣਕਾਰੀ ਦੇ ਸਕਦੇ ਹਨ। ਡਾ. ਵਿਵੇਕ ਭਾਰਤੀ ਨੇ ਦੱਸਿਆ ਕਿ ਜੇ ਕਿਸੇ ਵੋਟਰ, ਉਸ ਦੇ ਮਾਤਾ-ਪਿਤਾ ਜਾਂ ਦਾਦਾ-ਦਾਦੀ ਦਾ ਨਾਂ 2002 ਦੀ ਵੋਟਰ ਸੂਚੀ ਵਿੱਚ ਦਰਜ ਹੈ, ਤਾਂ ਇਹ ਜਾਣਕਾਰੀ ਤਸਦੀਕ ਲਈ ਬੀ ਐੱਲ ਓ ਨੂੰ ਦਿੱਤੀ ਜਾਵੇ। ਉਨ੍ਹਾਂ ਸਾਰੇ ਕਰਮਚਾਰੀਆਂ ਨੂੰ ਆਪਣੀ ਡਿਊਟੀ ਨਿਰਪੱਖਤਾ ਅਤੇ ਗੰਭੀਰਤਾ ਨਾਲ ਨਿਭਾਉਣ ਲਈ ਪ੍ਰੇਰਿਆ। ਉਨ੍ਹਾਂ ਦੱਸਿਆ ਕਿ ਤਸਦੀਕ ਮੁਕੰਮਲ ਹੋਣ ਮਗਰੋਂ 21 ਜੁਲਾਈ 2026 ਨੂੰ ਡਰਾਫਟ ਵੋਟਰ ਸੂਚੀ ਪ੍ਰਕਾਸ਼ਿਤ ਕੀਤੀ ਜਾਵੇਗੀ। ਇਸ ਉੱਤੇ 21 ਜੁਲਾਈ ਤੋਂ 20 ਅਗਸਤ 2026 ਤੱਕ ਦਾਅਵੇ ਅਤੇ ਇਤਰਾਜ਼ ਲਏ ਜਾਣਗੇ ਜਿਨ੍ਹਾਂ ਦਾ ਨਿਪਟਾਰਾ 18 ਸਤੰਬਰ ਤੱਕ ਹੋਵੇਗਾ। ਅੰਤਿਮ ਵੋਟਰ ਸੂਚੀ 22 ਸਤੰਬਰ 2026 ਨੂੰ ਜਾਰੀ ਹੋਵੇਗੀ।
