ਪੱਤਰ ਪ੍ਰੇਰਕ
ਫਰੀਦਾਬਾਦ, 12 ਸਤੰਬਰ
ਇੱਥੋਂ ਦੇ ਸਰਕਾਰੀ ਹਸਪਤਾਲ ’ਚੋਂ ਨਵਜੰਮੇ ਬੱਚੇ ਨੂੰ ਇੱਕ ਅਣਪਛਾਤੀ ਔਰਤ ਚੁੱਕ ਕੇ ਲੈ ਗਈ। ਸੰਜੈ ਗਾਂਧੀ ਮੈਮੋਰੀਅਲ ਨਗਰ ਥਾਣਾ ਪੁਲੀਸ ਨੇ ਔਰਤ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲੀਸ ਮੁਤਾਬਕ ਇਲਾਕੇ ਦੀ ਸੀਸੀਟੀਵੀ ਫੁਟੇਜ ਨੂੰ ਖੰਗਾਲਿਆ ਗਿਆ। 11 ਸਤੰਬਰ ਨੂੰ ਰਾਤ 2.00 ਵਜੇ ਪਤੀ-ਪਤਨੀ ਡਿਲਵਰੀ ਲਈ ਬੀਕੇ ਹਸਪਤਾਲ ਆਏ ਸਨ। ਔਰਤ ਨੇ ਦੁਪਹਿਰ ਕਰੀਬ 3.30 ਵਜੇ ਬੱਚੇ ਨੂੰ ਜਨਮ ਦਿੱਤਾ। ਉਸੇ ਸਮੇਂ ਇੱਕ ਔਰਤ ਵੀ ਉੱਥੇ ਸੀ, ਜਦੋਂ ਨਵਜੰਮੇ ਬੱਚੇ ਦੀ ਮਾਂ ਕੱਪੜੇ ਬਦਲਣ ਲਈ ਗਈ ਤਾਂ ਉਕਤ ਔਰਤ ਮੌਕਾ ਦੇਖ ਕੇ ਨਵਜੰਮੇ ਬੱਚੇ ਨੂੰ ਚੁੱਕ ਕੇ ਲੈ ਗਈ। ਕਾਫੀ ਦੇਰ ਤੱਕ ਬੱਚਾ ਨਾ ਮਿਲਣ ’ਤੇ ਪੀੜਤ ਜੋੜੇ ਨੇ ਸਵੇਰੇ ਕਰੀਬ 8.15 ਵਜੇ ਪੁਲੀਸ ਨੂੰ ਸੂਚਨਾ ਦਿੱਤੀ। ਪੁਲੀਸ ਨੇ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।