ਲਾਪਤਾ ਬੱਚਿਆਂ ਦੀਆਂ ਲਾਸ਼ਾਂ ਮਿਲੀਆਂ

ਲਾਪਤਾ ਬੱਚਿਆਂ ਦੀਆਂ ਲਾਸ਼ਾਂ ਮਿਲੀਆਂ

ਸਰਬਜੋਤ ਸਿੰਘ ਦੁੱਗਲ  
ਕਰਨਾਲ/ਪਾਣੀਪਤ, 8 ਜੁਲਾਈ 

ਪਾਣੀਪਤ ਦੇ ਬਿੰਝੌਲ ਪਿੰਡ ਤੋਂ ਬੀਤੀ ਦੇਰ ਰਾਤ ਲਾਪਤਾ ਹੋਏ ਤਿੰਨ ਬੱਚਿਆਂ ਦੀਆਂ ਲਾਸ਼ਾਂ ਮਾਈਨਰ ਵਿੱਚੋਂ ਬਰਾਮਦ ਹੋਈਆਂ ਹਨ। ਲਾਸ਼ ਮਿਲਣ ਮਗਰੋਂ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੇ ਅੱਜ ਸਵੇਰੇ ਨੇੜਲੀ ਇਕ ਫੈਕਟਰੀ ਦੇ ਮੈਨੇਜਰ ’ਤੇ ਬੱਚਿਆਂ ਦੇ ਕਤਲ ਦਾ ਦੋਸ਼ ਲਗਾਉਂਦੇ ਹੋਏ ਗੋਹਾਨਾ ਮਾਰਗ ਜਾਮ ਕਰ ਦਿੱਤਾ। ਦੂਜੇ ਪਾਸੇ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪੁਲੀਸ ਮੌਕੇ ’ਤੇ ਪਹੁੰਚ ਗਈ ਅਤੇ ਕਾਰਵਾਈ ਦਾ ਭਰੋਸਾ ਦੇ ਕੇ ਜਾਮ ਖੁੱਲ੍ਹਵਾਇਆ। ਪੁਲੀਸ ਨੇ ਤਿੰਨਾਂ ਬੱਚਿਆਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਤੇ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਿਕ ਵੰਸ਼ (10), ਵਰੁਣ (9) ਅਤੇ ਲਕਸ਼ (8) ਪਤੰਗ ਲਈ ਡੋਰ ਲੈਣ ਖਾਤਰ ਇੱਕ ਡਾਈ ਹਾਊਸ ਵਿੱਚ ਗਏ ਸਨ। ਮਾਮਲੇ ਵਿੱਚ ਦੋਸ਼ ਹੈ ਕਿ ਜਦੋਂ ਉਹ ਪਤੰਗ ਲਈ ਡੋਰ ਲੱਭ ਰਹੇ ਸਨ ਤਾਂ ਡਾਈ ਹਾਊਸ ਦੇ ਮੈਨੇਜਰ ਨੇ ਉਨ੍ਹਾਂ ਨੂੰ ਵੇਖ ਲਿਆ, ਜਿਸ ਮਗਰੋਂ ਉਸ ਨੇ ਬੱਚਿਆਂ ਦਾ ਕਤਲ ਕਰ ਦਿੱਤਾ ਅਤੇ ਡਾਈ ਹਾਊਸ ਪਿੱਛੇ ਵਾਲੀ ਮਾਈਨਰ ਵਿੱਚ ਸੁੱਟ ਦਿੱਤਾ। ਇਸ ਸਬੰਧੀ ਬੱਚਿਆਂ ਦੇ ਪਰਿਵਾਰਕ ਮੈਂਬਰਾਂ ਨੇ ਪੁਲੀਸ ਨੂੰ ਜਾਣਕਾਰੀ ਦਿੱਤੀ, ਜਿਸ ਮਗਰੋਂ ਪੁਲੀਸ ਮੌਕੇ ’ਤੇ ਪੁੱਜੀ ਅਤੇ ਲੋਕਾਂ ਦੀ ਸਹਾਇਤਾ ਨਾਲ ਬੱਚਿਆਂ ਦੀ ਭਾਲ ਕੀਤੀ ਗਈ। ਜਾਣਕਾਰੀ ਅਨੁਸਾਰ ਬੱਚੇ ਜਦੋਂ ਆਲੇ ਦੁਆਲੇ ਨਹੀਂ ਮਿਲੇ ਤਾਂ ਰਾਤ ਨੂੰ ਮਾਈਨਰ ਦਾ ਪਾਣੀ ਘੱਟ ਕਰਵਾਇਆ ਗਿਆ ਤੇ ਮਾਈਨਰ ਦੀ ਤਲਾਸ਼ ਦੌਰਾਨ ਬੱਚਿਆਂ ਦੀਆਂ ਲਾਸ਼ਾਂ ਉਸ ਵਿੱਚੋਂ ਬਰਾਮਦ ਹੋਈਆਂ। ਦੂਜੇ ਪਾਸੇ ਡਾਈ ਹਾਊਸ ਦਾ ਮੈਨੇਜਰ ਘਟਨਾ ਤੋਂ ਬਾਅਦ ਫਰਾਰ ਹੋ ਗਿਆ ਤੇ ਇਸ ਮਗਰੋਂ ਅੱਜ ਸਵੇਰੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਨੇ ਗੋਹਾਣਾ ਮਾਰਗ ’ਤੇ ਜਾਮ ਲਗਾ ਦਿੱਤਾ। ਜਾਮ ਕਰੀਬ ਸਵੇਰੇ 6.30 ਵਜੇ ਲਗਾਇਆ। ਉਧਰ ਮੌਕੇ ’ਤੇ ਪੁੱਜੇ ਡੀਐੱਸਪੀ ਨੇ ਮ੍ਰਿਤਕਾਂ ਦੇ ਰਿਸ਼ਤੇਦਾਰਾਂ ਨੂੰ ਸਮਝਾਇਆ ਤੇ ਇਸ ਤੋਂ ਬਾਅਦ ਜਾਮ ਖੋਲ੍ਹਿਆ ਗਿਆ।  

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All