ਕੌਮੀ ਰਾਜਧਾਨੀ ਦੀ ਹਵਾ ਹੋਰ ਪ੍ਰਦੂਸ਼ਿਤ ਹੋਈ
ਕੌਮੀ ਰਾਜਧਾਨੀ ਵਿੱਚ ਵਧਦੇ ਪ੍ਰਦੂਸ਼ਣ ਦੇ ਪੱਧਰ ਦੇ ਮੱਦੇਨਜ਼ਰ ਦਿੱਲੀ ਨਗਰ ਨਿਗਮ (ਐੱਮ ਸੀ ਡੀ) ਨੇ ਪ੍ਰਦੂਸ਼ਣ ਰੋਕੂ ਉਪਾਅ ਤੇਜ਼ ਕਰ ਦਿੱਤੇ ਹਨ, ਐਂਟੀ ਸਮੌਗ ਗੰਨ ਅਤੇ ਮਕੈਨੀਕਲ ਸਵੀਪਰ (ਮਸ਼ੀਨਾਂ ਰਾਹੀਂ ਸਫ਼ਾਈ) ਤਾਇਨਾਤ ਕੀਤੇ ਹਨ। ਇਸ ਦੇ ਨਾਲ ਹੀ ਉਲੰਘਣਾ ਕਰਨ ਵਾਲਿਆਂ ਲਈ ਜੁਰਮਾਨੇ ਸਖ਼ਤ ਕੀਤੇ ਗਏ ਹਨ। ਅਧਿਕਾਰੀਆਂ ਨੇ ਅੱਜ ਕਿਹਾ ਕਿ ਨਿਗਮ ਆਪਣੀ ਆਉਣ ਵਾਲੀ ਹਾਊਸ ਮੀਟਿੰਗ ਵਿੱਚ ਸ਼ਹਿਰ ਭਰ ਵਿੱਚ ਪਾਰਕਿੰਗ ਫੀਸ ਦੁੱਗਣੀ ਕਰਨ ਦੀ ਯੋਜਨਾ ਵੀ ਪੇਸ਼ ਕਰਨ ਲਈ ਤਿਆਰ ਹੈ, ਜਿਸਦਾ ਉਦੇਸ਼ ਨਿੱਜੀ ਵਾਹਨਾਂ ਦੀ ਵਰਤੋਂ ਨੂੰ ਘਟਾਉਣਾ ਅਤੇ ਪ੍ਰਦੂਸ਼ਣ ਨੂੰ ਰੋਕਣਾ ਹੈ। ਉਨ੍ਹਾਂ ਕਿਹਾ ਕਿ ਇਹ ਫੈਸਲਾ ਹਾਊਸ ਦੀ ਅੰਤਿਮ ਪ੍ਰਵਾਨਗੀ ’ਤੇ ਨਿਰਭਰ ਕਰੇਗਾ। ਇਸ ਦੌਰਾਨ ਨਿਯਮਾਂ ਕਰਨ ਵਾਲੇ ਨੂੰ ਭਾਰੀ ਜੁਰਮਾਨਾ ਵੀ ਦੇਣਾ ਪੈ ਸਕਦਾ ਹੈ। ਕੌਮੀ ਰਾਜਧਾਨੀ ਧੁਆਂਖੀ ਧੁੰਦ ਵਿੱਚ ਘਿਰੀ ਰਹੀ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀ ਪੀ ਸੀ ਬੀ) ਅਨੁਸਾਰ ਅੱਜ ਸਵੇਰੇ ਹਵਾ ਬਹੁਤ ਖ਼ਰਾਬ ਰਹੀ। ਧੁਆਂਖੀ ਧੁੰਦ ਕਾਰਨ ਕਈ ਖੇਤਰਾਂ ਵਿੱਚ ਦਿੱਸਣ ਹੱਦ ਕਾਫ਼ੀ ਘਟ ਗਈ। ਸੀ ਪੀ ਸੀ ਬੀ ਦੇ ਅੰਕੜਿਆਂ ਅਨੁਸਾਰ, ਸਵੇਰੇ 9 ਵਜੇ ਦਿੱਲੀ ਦਾ ਸਮੁੱਚਾ ਹਵਾ ਗੁਣਵੱਤਾ ਸੂਚਕਾਂਕ 345 ਦਰਜ ਕੀਤਾ ਗਿਆ। ‘ਸਮੀਰ’ ਐਪ ਅਨੁਸਾਰ, ਬਵਾਨਾ ਵਿੱਚ ਏ ਕਿਊ ਆਈ 411 ਦਰਜ ਕੀਤਾ ਗਿਆ, ਜੋ ਬਹੁਤ ‘ਗੰਭੀਰ’ ਸ਼੍ਰੇਣੀ ਵਿੱਚ ਆਉਂਦਾ ਹੈ। ਉੱਥੇ ਵਜ਼ੀਰਪੁਰ ਵਿੱਚ ਏ ਕਿਊ ਆਈ 397 ਦਰਜ ਕੀਤਾ ਗਿਆ। ਦਿੱਲੀ ਦੇ 38 ਨਿਗਰਾਨੀ ਕੇਂਦਰਾਂ ਵਿੱਚੋਂ ਬਵਾਨਾ ਸਥਿਤ ਇੱਕ ਕੇਂਦਰ ਨੇ ਹਵਾ ਗੁਣਵੱਤਾ ‘ਗੰਭੀਰ’ ਰਹਿਣ ਜਦੋਂਕਿ ਹੋਰਾਂ ਨੇ ਇਸਨੂੰ ‘ਬਹੁਤ ਮਾੜੀ’ ਸ਼੍ਰੇਣੀ ਵਿੱਚ ਰਹਿਣ ਦੀ ਸੂਚਨਾ ਦਿੱਤੀ ਹੈ। ਸੀ ਪੀ ਸੀ ਬੀ ਦੇ ਅੰਕੜਿਆਂ ਅਨੁਸਾਰ, ਐਤਵਾਰ ਸਵੇਰੇ ਸ਼ਹਿਰ ਦੀ ਹਵਾ ਦੀ ਗੁਣਵੱਤਾ ਤੇਜ਼ੀ ਨਾਲ ਵਿਗੜੀ ਅਤੇ ਇਹ ਇਸ ਮੌਸਮ ਵਿੱਚ ਸਭ ਤੋਂ ਖਰਾਬ ਪੱਧਰ 391 ਤੱਕ ਪਹੁੰਚ ਗਈ। ਹਾਲਾਂਕਿ, ਬਾਅਦ ਵਿੱਚ ਦਿਨ ਸਮੇਂ ਇਸ ਵਿੱਚ ਥੋੜ੍ਹਾ ਸੁਧਾਰ ਹੋਇਆ। ਸ਼ਾਮ ਚਾਰ ਵਜੇ ਕੁੱਲ ਏ ਕਿਊ ਆਈ 370 ਸੀ, ਜਿਸ ਨਾਲ ਦਿੱਲੀ ‘ਰੈੱਡ ਜ਼ੋਨ’ ਵਿੱਚ ਆ ਗਈ।
ਅੱਜ ਘੱਟੋ-ਘੱਟ ਤਾਪਮਾਨ 10.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਮੌਸਮ ਦੇ ਔਸਤ ਤੋਂ 3.9 ਡਿਗਰੀ ਸੈਲਸੀਅਸ ਘੱਟ ਹੋਣ ਕਾਰਨ ਇਸ ਮੌਸਮ ਦਾ ਹੁਣ ਤੱਕ ਦਾ ਸਭ ਤੋਂ ਘੱਟ ਤਾਪਮਾਨ ਰਿਹਾ, ਜਦੋਂਕਿ ਸ਼ਨਿੱਚਰਵਾਰ ਨੂੰ ਘੱਟੋ-ਘੱਟ ਤਾਪਮਾਨ 11 ਡਿਗਰੀ ਸੈਲਸੀਅਸ ਸੀ। -ਪੀਟੀਆਈ
