ਗੁਰੂਗ੍ਰਾਮ, 26 ਅਗਸਤ
ਹਰਿਆਣਾ ’ਚ 31 ਜੁਲਾਈ ਦੀ ਫਿਰਕੂ ਹਿੰਸਾ ਵਿੱਚ ਸ਼ਾਮਲ ਮਸ਼ਕੂਕ ਨੂੰ ਗ੍ਰਿਫਤਾਰ ਕਰਨ ਲਈ ਦੇ ਨੂਹ ਜ਼ਿਲ੍ਹੇ ਦੇ ਪਿੰਡ ਵਿੱਚ ਗਈ ਰਾਜ ਪੁਲੀਸ ਟੀਮ ਉੱਤੇ ਪਿੰਡ ਵਾਸੀਆਂ ਨੇ ਹਮਲਾ ਕਰ ਦਿੱਤਾ। ਇਹ ਘਟਨਾ ਸ਼ੁੱਕਰਵਾਰ ਸਵੇਰੇ ਸਿੰਗਰ ਪਿੰਡ ਵਿੱਚ ਵਾਪਰੀ, ਜਦੋਂ ਕ੍ਰਾਈਮ ਬ੍ਰਾਂਚ ਪੁਨਹਾਣਾ ਯੂਨਿਟ ਦੀ ਟੀਮ ਇਰਸ਼ਾਦ ਨੂੰ ਗ੍ਰਿਫਤਾਰ ਕਰਨ ਗਈ ਸੀ। ਪੁਲੀਸ ਅਨੁਸਾਰ ਮੁਲਜ਼ਮ ਨੂੰ ਬੱਸ ਸਟੈਂਡ ਤੋਂ ਫੜੇ ਜਾਣ ਤੋਂ ਬਾਅਦ ਮੌਕੇ ‘ਤੇ ਮੌਜੂਦ ਸਥਾਨਕ ਲੋਕਾਂ ਦਾ ਅਪਰਾਧ ਸ਼ਾਖਾ ਦੀ ਟੀਮ ਨਾਲ ਝਗੜਾ ਹੋ ਗਿਆ ਅਤੇ ਉਹ ਇਰਸ਼ਾਦ ਨੂੰ ਲੈ ਕੇ ਪਿੰਡ ਵੱਲ ਭੱਜ ਗਏ। ਯੂਨਿਟ ਨੇ ਮਹਿਲਾ ਪੁਲੀਸ ਕਰਮਚਾਰੀਆਂ ਸਮੇਤ ਵਾਧੂ ਫੋਰਸ ਬੁਲਾਈ ਅਤੇ ਪਿੰਡ ਵਿੱਚ ਦਾਖਲ ਹੋ ਗਈ, ਜਿੱਥੇ ਔਰਤਾਂ ਦੇ ਸਮੂਹ ਨੇ ਉਨ੍ਹਾਂ ‘ਤੇ ਪੱਥਰਾਂ ਨਾਲ ਹਮਲਾ ਕਰ ਦਿੱਤਾ। ਸਿੱਟੇ ਵਜੋਂ ਸਬ-ਇੰਸਪੈਕਟਰ ਵਿਨੀਤ ਅਤੇ ਕਾਂਸਟੇਬਲ ਅਮਰ ਸਿੰਘ ਸਮੇਤ ਤਿੰਨ ਮੁਲਾਜ਼ਮ ਜ਼ਖ਼ਮੀ ਹੋ ਗਏ। ਪੁਲੀਸ ਨੂੰ ਹਮਲਾਵਰਾਂ ਨੂੰ ਖਿੰਡਾਉਣ ਲਈ ਹਵਾਈ ਫਾਇਰਿੰਗ ਕਰਨੀ ਪਈ। ਹੁਣ ਤੱਕ ਪੰਜ ਔਰਤਾਂ ਸਮੇਤ ਅੱਠ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਦੋਂ ਕਿ 15 ਵਿਅਕਤੀਆਂ ਖ਼ਿਲਾਫ਼ ਐਫਆਈਆਰ ਦਰਜ ਕੀਤੀ ਗਈ ਹੈ। ਹਾਲਾਂਕਿ ਇਰਸ਼ਾਦ ਫ਼ਰਾਰ ਹੈ।