ਦੜਬਾ ਕਲਾਂ ਨੇੜੇ ਟਰੈਕਟਰ-ਟਰਾਲੀ ਅਤੇ ਪਿਕਅੱਪ ਦੀ ਭਿਆਨਕ ਟੱਕਰ; 3 ਗੰਭੀਰ ਜ਼ਖ਼ਮੀ
ਸਿਰਸਾ-ਭਾਦਰਾ ਰੋਡ ’ਤੇ ਤੜਕਸਾਰ ਵਾਪਰਿਆ ਹਾਦਸਾ
ਏਲਨਾਬਾਦ ਦੇ ਚੌਪਟਾ ਖੇਤਰ ਵਿੱਚ ਵੀਰਵਾਰ ਸਵੇਰੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ, ਜਿੱਥੇ ਲੱਕੜਾਂ ਨਾਲ ਭਰੀ ਇੱਕ ਟਰੈਕਟਰ-ਟਰਾਲੀ ਅਤੇ ਪਿਕਅੱਪ ਗੱਡੀ ਦੀ ਆਹਮੋ-ਸਾਹਮਣੇ ਜ਼ਬਰਦਸਤ ਟੱਕਰ ਹੋ ਗਈ। ਇਹ ਹਾਦਸਾ ਸਵੇਰੇ ਕਰੀਬ 5 ਵਜੇ ਸਿਰਸਾ-ਭਾਦਰਾ ਸੜਕ 'ਤੇ ਪਿੰਡ ਦੜਬਾ ਕਲਾਂ ਦੇ ਨੇੜੇ ਵਾਪਰਿਆ। ਟੱਕਰ ਇੰਨੀ ਭਿਆਨਕ ਸੀ ਕਿ ਦੋਵਾਂ ਵਾਹਨਾਂ ਦੇ ਅਗਲੇ ਹਿੱਸੇ ਬੁਰੀ ਤਰ੍ਹਾਂ ਚਿਬੜ ਗਏ। ਇਸ ਹਾਦਸੇ ਵਿੱਚ ਪਿਕਅੱਪ ਸਵਾਰ ਸੋਨੂੰ ਅਤੇ ਰਾਕੇਸ਼ (ਵਾਸੀ ਰਾਮਗੜ੍ਹ) ਅਤੇ ਟਰੈਕਟਰ ਚਾਲਕ ਰਾਮ ਸਿੰਘ (ਵਾਸੀ ਰਾਮਸਰਾ, ਰਾਜਸਥਾਨ) ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ।
ਸਥਾਨਕ ਲੋਕਾਂ ਅਤੇ ਰਾਹਗੀਰਾਂ ਨੇ ਤੁਰੰਤ ਮੌਕੇ 'ਤੇ ਪਹੁੰਚ ਕੇ ਜ਼ਖ਼ਮੀਆਂ ਨੂੰ ਵਾਹਨਾਂ ਵਿੱਚੋਂ ਬਾਹਰ ਕੱਢਿਆ ਅਤੇ ਦੜਬਾ ਕਲਾਂ ਦੇ ਸਰਕਾਰੀ ਹਸਪਤਾਲ ਪਹੁੰਚਾਇਆ। ਜ਼ਖ਼ਮੀਆਂ ਦੀ ਹਾਲਤ ਨਾਜ਼ੁਕ ਦੇਖਦਿਆਂ ਡਾਕਟਰਾਂ ਨੇ ਉਨ੍ਹਾਂ ਨੂੰ ਮੁੱਢਲੀ ਸਹਾਇਤਾ ਦੇ ਕੇ ਸਿਰਸਾ ਦੇ ਹਸਪਤਾਲ ਲਈ ਰੈਫਰ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ, ਟਰੈਕਟਰ ਚਾਲਕ ਹਨੂੰਮਾਨਗੜ੍ਹ ਤੋਂ ਲੱਕੜਾਂ ਲੈ ਕੇ ਸਿਰਸਾ ਜਾ ਰਿਹਾ ਸੀ, ਜਦਕਿ ਪਿਕਅੱਪ ਸਿਰਸਾ ਤੋਂ ਵਾਪਸ ਹਨੂੰਮਾਨਗੜ੍ਹ ਵੱਲ ਆ ਰਹੀ ਸੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

