ਨੌਜਵਾਨਾਂ ਲਈ ਤਕਨੀਕੀ ਸਿਖਲਾਈ ਜ਼ਰੂਰੀ: Naveen Jindal
ਸੰਸਦ ਮੈਂਬਰ ਵੱਲੋਂ ਹੁਨਰ ਵਿਕਾਸ ਕੇਂਦਰ ਦਾ ਦੌਰਾ; ਵਿਦਿਆਰਥੀਆਂ ਨਾਲ ਗੱਲਬਾਤ ਕੀਤੀ
ਕੁਰੂਕਸ਼ੇਤਰ ਦੇ ਸੰਸਦ ਮੈਂਬਰ ਨਵੀਨ ਜਿੰਦਲ ਨੇ ਅੱਜ ਮਹਾਤਮਾ ਜਯੋਤੀਬਾ ਫੂਲੇ ਕੌਮਾਂਤਰੀ ਹੁਨਰ ਵਿਕਾਸ ਕੇਂਦਰ ਬਹਿਲੋਲਪੁਰ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਸੰਸਥਾ ਵਿੱਚ ਦਾਖ਼ਲ ਵਿਦਿਆਰਥੀਆਂ ਅਤੇ ਉਨ੍ਹਾਂ ਨੂੰ ਦਿੱਤੇ ਜਾ ਰਹੇ ਵੱਖ-ਵੱਖ ਸਿਖਲਾਈ ਪ੍ਰੋਗਰਾਮਾਂ ਤੇ ਸਹੂਲਤਾਂ ਬਾਰੇ ਜਾਣਕਾਰੀ ਹਾਸਲ ਕੀਤੀ। ਸੰਸਦ ਮੈਂਬਰ ਨੇ ਕੇਂਦਰ ਦੀਆਂ ਵੱਖ-ਵੱਖ ਤਕਨੀਕੀ ਅਤੇ ਕੰਪਿਊਟਰ ਲੈਬਾਂ ਦਾ ਵੀ ਦੌਰਾ ਕੀਤਾ ਅਤੇ ਵਿਦਿਆਰਥੀਆਂ ਨੂੰ ਦਿੱਤੀ ਜਾ ਰਹੀ ਵਿਹਾਰਕ ਸਿਖਲਾਈ ਦਾ ਜਾਇਜ਼ਾ ਲਿਆ। ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਸੰਸਦ ਮੈਂਬਰ ਜਿੰਦਲ ਨੇ ਉਨ੍ਹਾਂ ਦੀ ਸਿਖਲਾਈ, ਭਵਿੱਖ ਦੀਆਂ ਯੋਜਨਾਵਾਂ ਅਤੇ ਕਰੀਅਰ ਰੁਚੀਆਂ ਬਾਰੇ ਪੁੱਛ-ਗਿੱਛ ਕੀਤੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਸਿਰਫ਼ ਅਕਾਦਮਿਕ ਡਿਗਰੀ ਹੀ ਕਾਫ਼ੀ ਨਹੀਂ ਹੈ, ਸਗੋਂ ਨੌਜਵਾਨਾਂ ਲਈ ਡਿਗਰੀ ਦੇ ਨਾਲ-ਨਾਲ ਪੇਸ਼ੇਵਰ ਅਤੇ ਤਕਨੀਕੀ ਹੁਨਰ ਪ੍ਰਾਪਤ ਕਰਨਾ ਵੀ ਬਹੁਤ ਜ਼ਰੂਰੀ ਹੈ। ਬਦਲਦੀ ਤਕਨਾਲੋਜੀ ਅਤੇ ਰੁਜ਼ਗਾਰ ਖੇਤਰ ਵਿੱਚ ਵਧ ਰਹੀ ਮੁਕਾਬਲੇਬਾਜ਼ੀ ਨੂੰ ਦੇਖਦਿਆਂ ਨੌਜਵਾਨਾਂ ਨੂੰ ਸਮੇਂ ਦੀ ਮੰਗ ਅਨੁਸਾਰ ਆਪਣੇ ਆਪ ਨੂੰ ਵਿਕਸਤ ਕਰਨਾ ਚਾਹੀਦਾ ਹੈ। ਨਵੀਨ ਜਿੰਦਲ ਨੇ ਕਿਹਾ ਕਿ ਮਹਾਤਮਾ ਜਯੋਤੀਬਾ ਫੂਲੇ ਇੰਟਰਨੈਸ਼ਨਲ ਸਕਿੱਲ ਸੈਂਟਰ ਨੌਜਵਾਨਾਂ ਨੂੰ ਆਧੁਨਿਕ ਅਤੇ ਰੁਜ਼ਗਾਰ-ਮੁਖੀ ਸਿਖਲਾਈ ਦੇਣ ਵਿੱਚ ਅਹਿਮ ਭੂਮਿਕਾ ਨਿਭਾਅ ਰਿਹਾ ਹੈ। ਇੱਥੇ ਸਿਖਲਾਈ ਲੈਣ ਵਾਲੇ ਨੌਜਵਾਨਾਂ ਲਈ ਦੇਸ਼ ਵਿੱਚ ਹੀ ਨਹੀਂ, ਸਗੋਂ ਵਿਦੇਸ਼ਾਂ ਵਿੱਚ ਵੀ ਬਿਹਤਰ ਰੁਜ਼ਗਾਰ ਦੇ ਮੌਕੇ ਉਪਲਬਧ ਹੋ ਸਕਦੇ ਹਨ।
ਉਨ੍ਹਾਂ ਨੌਜਵਾਨਾਂ ਨੂੰ ਵਿਸ਼ੇਸ਼ ਤੌਰ ’ਤੇ ਅਪੀਲ ਕੀਤੀ ਕਿ ਉਹ ਗੈਰ-ਕਾਨੂੰਨੀ ਢੰਗ ਨਾਲ ਵਿਦੇਸ਼ ਨਾ ਜਾਣ। ਉਨ੍ਹਾਂ ਨੂੰ ਪਹਿਲਾਂ ਆਪਣੇ ਚੁਣੇ ਹੋਏ ਖੇਤਰ ਵਿੱਚ ਜ਼ਰੂਰੀ ਹੁਨਰ ਅਤੇ ਯੋਗਤਾਵਾਂ ਪ੍ਰਾਪਤ ਕਰਨੀਆਂ ਚਾਹੀਦੀਆਂ ਹਨ ਅਤੇ ਫਿਰ ਜਾਇਜ਼ ਤੇ ਸੁਰੱਖਿਅਤ ਤਰੀਕਿਆਂ ਨਾਲ ਵਿਦੇਸ਼ਾਂ ਵਿੱਚ ਰੁਜ਼ਗਾਰ ਦੇ ਮੌਕੇ ਪ੍ਰਾਪਤ ਕਰਨੇ ਚਾਹੀਦੇ ਹਨ। ਜਿੰਦਲ ਨੇ ਕਿਹਾ ਕਿ ਗਿਆਨ ਅਤੇ ਯੋਗਤਾਵਾਂ ਤੋਂ ਬਿਨਾਂ ਵਿਦੇਸ਼ ਜਾਣ ਵਾਲੇ ਨੌਜਵਾਨ ਅਕਸਰ ਧੋਖਾਧੜੀ ਅਤੇ ਗੰਭੀਰ ਸਮੱਸਿਆਵਾਂ ਦਾ ਸ਼ਿਕਾਰ ਹੋ ਜਾਂਦੇ ਹਨ। ਨਿਰੀਖਣ ਤੋਂ ਬਾਅਦ ਉਨ੍ਹਾਂ ਨੇ ਸੰਸਥਾ ਦੀ ਪ੍ਰਬੰਧਨ ਕਮੇਟੀ ਨਾਲ ਮੀਟਿੰਗ ਵੀ ਕੀਤੀ, ਜਿਸ ਵਿੱਚ ਕੇਂਦਰ ਦੇ ਸੰਚਾਲਨ, ਸਿਖਲਾਈ ਪ੍ਰੋਗਰਾਮਾਂ, ਵਿਦਿਆਰਥੀਆਂ ਨੂੰ ਬਿਹਤਰ ਸਹੂਲਤਾਂ ਦੇਣ ਅਤੇ ਸਿਖਲਾਈ ਦੀ ਗੁਣਵੱਤਾ ਵਿੱਚ ਸੁਧਾਰ ਬਾਰੇ ਵਿਸਤਾਰ ਨਾਲ ਚਰਚਾ ਕੀਤੀ ਗਈ।

