ਹਰਿਆਣਾ ਕਲਾ ਪਰਿਸ਼ਦ ਵੱਲੋਂ ਕਲਾ ਕੀਰਤੀ ਭਵਨ ’ਚ ਸ਼ਾਨਦਾਰ ਸ਼ਾਸਤਰੀ ਨਾਚ ਉਤਸਵ ਤਾਲ ਮਹੋਤਸਵ ਕਰਾਇਆ ਗਿਆ। ਕੱਥਕ ਗੁਰੂ ਪੰਡਿਤ ਕੁੰਦਨ ਲਾਲ ਗੰਗਾਨੀ ਦੀ ਸ਼ਤਾਬਦੀ ਸ਼ਰਧਾਂਜਲੀ ਵਜੋਂ ਕਰਾਏ ਗਏ ਇਸ ਸਮਾਗਮ ਵਿਚ ਜ਼ਿਲ੍ਹਾ ਪੁਲੀਸ ਕਪਤਾਨ ਚੰਦਰ ਮੋਹਨ ਬਤੌਰ ਮੁੱਖ ਮਹਿਮਾਨ ਮੌਜੂਦ ਸਨ। ਪੰਡਿਤ ਰਜਿੰਦਰ ਗੰਗਾਨੀ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪ੍ਰੋਗਰਾਮ ਤੋਂ ਪਹਿਲਾਂ ਹਰਿਆਣਾ ਕਲਾ ਪਰਿਸ਼ਦ ਦੇ ਉਪ ਪ੍ਰਧਾਨ ਮਹੇਸ਼ ਜੋਸ਼ੀ ਨੇ ਮਹਿਮਾਨਾਂ ਦਾ ਸ਼ਾਲ ਭੇਟ ਕਰਕੇ ਸੁਆਗਤ ਕੀਤਾ।
ਦੇਵ ਸਕਸੈਨਾ ਦੇ ਨਿਰਦੇਸ਼ਨ ਹੇਠ ਨਟਰਾਜ ਸਕੂਲ ਆਫ ਮਿਊਜ਼ਿਕ ਐਂਡ ਡਾਂਸ ਦੇ ਕਲਾਕਾਰਾਂ ਨੇ ਮਨਮੋਹਕ ਕਥਕ ਨਾਚ ਪੇਸ਼ ਕੀਤਾ। 50 ਤੋਂ ਵੱਧ ਵਿਦਿਆਰਥੀਆਂ ਨੇ ਪਖਾਵਜ, ਤਬਲਾ, ਬੰਸਰੀ ਤੇ ਸ਼ਾਸਤਰੀ ਸਾਜ਼ਾਂ ਤੇ ਲਗਭਗ ਦੋ ਘੰਟੇ ਚਲੇ ਸਮਾਗਮ ਵਿਚ ਆਪਣੀ ਪ੍ਰਤਿਭਾ ਦਾ ਪ੍ਰਰਦਰਸ਼ਨ ਕੀਤਾ। ਇਕ ਵਿਸ਼ੇਸ਼ ਪੇਸ਼ਕਾਰੀ ਦੇ ਤੌਰ ’ਤੇ ਕਥਕ ਗੁਰੂ ਪੰਡਿਤ ਕੁੰਦਨ ਲਾਲ ਦੀ ਪੋਤੀ ਨੈਨਿਕਾ ਨੇ ਕੱਥਕ ਸੋਲੋ ਪ੍ਰਦਰਸ਼ਨ ਕੀਤਾ। ਆਪਣੇ ਦਾਦਾ ਗੁਰੂ ਦੀਆਂ ਰਚਨਾਵਾਂ ਦੇ ਆਧਾਰ ’ਤੇ ਉਸ ਨੇ ਕਥਕ ਵਿਰਾਸਤ ਨੂੰ ਸੁੰਦਰ ਢੰਗ ਨਾਲ ਸਟੇਜ ’ਤੇ ਪੇਸ਼ ਕੀਤਾ। ਸਮਾਰੋਹ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪੁਲੀਸ ਕਪਤਾਨ ਨੇ ਭਾਰਤੀ ਕਲਾ ਤੇ ਸੱਭਿਆਚਾਰ ਨੂੰ ਸੰਭਾਲਣ ਅਤੇ ਉਤਸ਼ਾਹਿਤ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਕੁਰੂਕਸ਼ੇਤਰ ਵਰਗੇ ਇਤਿਹਾਸਕ ਅਤੇ ਸੱਭਿਆਚਾਰਕ ਸ਼ਹਿਰ ਵਿਚ ਅਜਿਹੇ ਸਮਾਗਮ ਹੁੰਦੇ ਰਹਿਣੇ ਚਾਹੀਦੇ ਹਨ, ਕਿਉਂਕਿ ਇਹ ਭਾਰਤੀ ਸੱਭਿਅਤਾ, ਸੱਭਿਆਚਾਰ ਤੇ ਸ਼ਾਸਤਰੀ ਨਾਚ ਦੀ ਅਮੀਰ ਪਰੰਪਰਾ ਨੂੰ ਨਵੀਂ ਪੀੜ੍ਹੀ ਤਕ ਪਹੁੰਚਾਉਣ ਦਾ ਮਹੱਤਵਪੂਰਨ ਸਾਧਨ ਹੈ। ਉਨ੍ਹਾਂ ਕਿਹਾ ਕਿ ਕਲਾ ਦੀ ਖੋਜ ਸਮਾਜ ਤੇ ਨੌਜੁਆਨ ਪੀੜ੍ਹੀ ਨੂੰ ਆਪਣੇ ਸੱਭਿਆਚਾਰ ਨਾਲ ਜੋੜਨ ਲਈ ਅਹਿਮ ਮਾਧਿਅਮ ਹੈ। ਰਾਜਿੰਦਰ ਗੰਗਾਨੀ ਨੇ ਕਿਹਾ ਕਿ ਕੁਰੂਕਸ਼ੇਤਰ ਵਿਚ ਕੱਥਕ ਪ੍ਰਦਰਸ਼ਨ ਦਾ ਸਮਾਗਮ ਸ਼ਾਇਦ ਪਹਿਲੀ ਵਾਰ ਹੋਇਆ ਹੈ ਤੇ ਇਹ ਭਾਰਤੀ ਸੱਭਿਅਤਾ, ਸੱਭਿਆਚਾਰ ਤੇ ਭਾਰਤੀ ਸ਼ਾਸਤਰੀ ਨਾਚ ਨੂੰ ਬਹੁਤ ਉਤਸ਼ਾਹਿਤ ਕਰੇਗਾ। ਪ੍ਰੋਗਰਾਮ ਵਿਚ ਤਬਲੇ ’ਤੇ ਪੰਡਿਤ ਯੋਗੇਸ਼ ਗੰਗਾਨੀ, ਬੰਸਰੀ ’ਤੇ ਅਤੁਲ ਸ਼ੰਕਰ, ਹਰਮੋਨੀਅਮ ਤੇ ਪਦੰਤ ’ਤੇ ਉਸਤਾਦ ਸਾਮੀ ਉਲਾ ਖਾਨ ਸ਼ਾਮਲ ਸਨ। ਇਸ ਮੌਕੇ ਮਹਿਮਾਨਾਂ ਤੇ ਕਲਾਕਾਰਾਂ ਨੂੰ ਸਨਮਾਨਿਤ ਕੀਤਾ ਗਿਆ।

