Sweepers Protest: ਪੁਲੀਸ ਨੇ 25 ਸਫ਼ਾਈ ਮੁਲਾਜ਼ਮ ਹਿਰਾਸਤ ’ਚ ਲਏ
ਕੂਡ਼ਾ ਚੁੱਕਣ ਦਾ ਵਿਰੋਧ ਕਰਨ ’ਤੇ ਕਾਰਵਾਈ; ਮੁਲਾਜ਼ਮਾਂ ਦੀ ਹਡ਼ਤਾਲ ਜਾਰੀ
ਜ਼ਿਲ੍ਹਾ ਵਿੱਚ ਕਈ ਦਿਨਾਂ ਤੋਂ ਚੱਲ ਰਹੀ ਸਫ਼ਾਈ ਮੁਲਾਜ਼ਮਾਂ ਦੀ ਹੜਤਾਲ ਕਾਰਨ ਸ਼ਹਿਰ ’ਚ ਸਫ਼ਾਈ ਪ੍ਰਬੰਧਾਂ ਨੂੰ ਲੀਹ ’ਤੇ ਲਿਆਉਣ ਲਈ ਨਗਰ ਪਰਿਸ਼ਦ ਪ੍ਰਸ਼ਾਸਨ ਨੇ ਪੁਲੀਸ ਦੇ ਪਹਿਰੇ ਹੇਠ ਸਫ਼ਾਈ ਮੁਹਿੰਮ ਚਲਾਈ। ਇਸ ਦੌਰਾਨ ਮੁਹਿੰਮ ਦਾ ਵਿਰੋਧ ਕਰਨ ਵਾਲੇ ਲਗਭਗ 25 ਸਫ਼ਾਈ ਮੁਲਾਜ਼ਮਾਂ ਨੂੰ ਹਿਰਾਸਤ ਵਿੱਚ ਲਿਆ ਗਿਆ। ਇਸ ਮੌਕੇ ਨਗਰ ਪਰਿਸ਼ਦ ਨੇ ਸ਼ਹਿਰ ਦੀਆਂ ਅਹਿਮ ਥਾਵਾਂ ਤੋਂ ਕੂੜਾ ਚੁੱਕਣ ਲਈ 15 ਟਰੈਕਟਰਾਂ, ਜੇ ਸੀ ਬੀ, ਲੋਡਰ ਅਤੇ ਡੰਪਰਾਂ ਆਦਿ ਨਾਲ ਵੱਡੀ ਗਿਣਤੀ ਵਿੱਚ ਲੇਬਰ ਨੂੰ ਸਫ਼ਾਈ ਕੰਮ ਵਿੱਚ ਲਗਾਇਆ। ਇਹ ਸਫ਼ਾਈ ਮੁਹਿੰਮ ਡੀ ਐੱਮ ਸੀ ਅਨਿਲ ਦੂਹਨ ਦੀ ਅਗਵਾਈ ਹੇਠ ਚੱਲਿਆ ਅਤੇ ਉਚਾਨਾ ਦੇ ਡੀ ਐੱਸ ਪੀ ਸੰਜੇ ਕੁਮਾਰ ਆਪਣੀ ਭਾਰੀ ਪੁਲੀਸ ਫੋਰਸ ਨਾਲ ਹਾਜ਼ਰ ਰਹੇ। ਮੁਹਿੰਮ ਵਿੱਚ ਐੱਮ ਈ ਅਮਿਤ, ਜੇ ਈ ਪੰਕਜ ਸਮੇਤ ਨਗਰ ਪਰਿਸ਼ਦ ਦੇ ਕਈ ਅਧਿਕਾਰੀ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਜ਼ਿਲ੍ਹੇ ਵਿੱਚ ਕਈ ਦਿਨਾਂ ਤੋਂ ਚੱਲ ਰਹੀ ਸਫ਼ਾਈ ਮੁਲਾਜ਼ਮਾਂ ਦੀ ਹੜਤਾਲ ਕਾਰਨ ਸਫ਼ਾਈ ਪ੍ਰਬੰਧ ਵਿਗੜ ਗਏ ਸਨ। ਸ਼ਹਿਰ ’ਚ ਲੱਗੇ ਕੂੜੇ ਦੇ ਢੇਰ ਹਟਾਉਣ ਲਈ ਪ੍ਰਸ਼ਾਸਨ ਨੂੰ ਇਹ ਮੁਹਿੰਮ ਚਲਾਉਣੀ ਪਈ। ਜ਼ਿਲ੍ਹਾ ਨਗਰ ਕਮਿਸ਼ਨਰ ਅਨਿਲ ਦੁਹਨ ਨੇ ਦੱਸਿਆ ਕਿ ਇਸ ਸਫ਼ਾਈ ਮੁਹਿੰਮ ਦਾ ਅਸਰ ਸ਼ਹਿਰ ਦੇ ਪ੍ਰਮੁੱਖ ਬਜ਼ਾਰਾਂ ਅਤੇ ਵਿਸ਼ੇਸ਼ ਮਾਰਗਾਂ ’ਤੇ ਦੇਖਣ ਨੂੰ ਮਿਲਿਆ। ਇਨ੍ਹਾਂ ਥਾਵਾਂ ’ਤੇ ਕਈ ਦਿਨਾਂ ਤੋਂ ਲੱਗੇ ਕੂੜੇ ਦੇ ਢੇਰਾਂ ਕਾਰਨ ਦੁਕਾਨਦਾਰ ਅਤੇ ਲੋਕ ਕਾਫ਼ੀ ਪ੍ਰੇਸ਼ਾਨ ਸਨ। ਸਫ਼ਾਈ ਹੋਣ ਮਗਰੋਂ ਉਨ੍ਹਾਂ ਨੇ ਸੁੱਖ ਦਾ ਸਾਹ ਲਿਆ। ਅਨਿਲ ਦੁਹਨ ਨੇ ਅੱਗੇ ਦੱਸਿਆ ਕਿ ਸਫ਼ਾਈ ਮੁਲਾਜ਼ਮਾਂ ਦੀ ਹੜਤਾਲ ਦੇ ਬਾਵਜੂਦ ਅੱਗੇ ਵੀ ਇਸੇ ਤਰ੍ਹਾਂ ਸਫ਼ਾਈ ਦਾ ਅਭਿਆਨ ਜਾਰੀ ਰਹੇਗਾ ਅਤੇ ਨਾਗਰਿਕਾਂ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ।

