ਪੱਤਰ ਪ੍ਰੇਰਕ
ਰਤੀਆ, 18 ਸਤੰਬਰ
ਪਿੰਡ ਨਾਗਪੁਰ ਦੇ ਇਕ ਨੌਜਵਾਨ ਵਲੋਂ ਪਿੰਡ ਦੀ ਸਰਪੰਚ ਅਤੇ ਉਨ੍ਹਾਂ ਦੇ ਹੋਰ ਸਮਰਥਕਾਂ ਨੂੰ ਗਾਲੀ ਗਲੋਚ ਕਰਨ ਦੇ ਨਾਲ-ਨਾਲ ਆਤਮ ਹੱਤਿਆ ਕਰਨ ਦੀ ਧਮਕੀ ਦੇਣ ਦਾ ਵੀਡੀਓ ਵਾਇਰਲ ਕਰਨ ਉਪਰੰਤ ਨਾਗਪੁਰ ਪੁਲੀਸ ਚੌਕੀ ਦੇ ਇੰਚਾਰਜ ਵਲੋਂ ਕਾਰਵਾਈ ਨਾ ਕਰਨ ਤੋਂ ਗੁੱਸੇ ਵਿਚ ਆਏ ਸਰਪੰਚ ਦੇ ਸਮਰਥਕਾਂ ਨੇ ਚੌਕੀ ਦਾ ਘਿਰਾਓ ਕਰ ਦਿੱਤਾ। ਇਸ ਘਿਰਾਓ ਦੌਰਾਨ ਔਰਤ ਸਰਪੰਚ ਅਤੇ ਹੋਰ ਸਮਰਥਕਾਂ ਨੇ ਵੀਡੀਓ ਵਾਇਰਲ ਕਰਨ ਵਾਲੇ ਦੇ ਨਾਲ-ਨਾਲ ਇਸ ਸਾਜ਼ਿਸ਼ ਵਿਚ ਸ਼ਾਮਲ ਹੋਰ ਵਿਅਕਤੀਆਂ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਨੂੰ ਵੀ ਪ੍ਰਮੁੱਖਤਾ ਨਾਲ ਉਠਾਇਆ। ਹਾਲਾਂਕਿ ਨਾਗਪੁਰ ਪੁਲੀਸ ਚੌਕੀ ਦੇ ਇੰਚਾਰਜ ਅਸ਼ੋਕ ਕੁਮਾਰ ਦੀ ਅਗਵਾਈ ਵਿੱਚ ਗਠਿਤ ਟੀਮ ਨੇ ਦੇਰ ਰਾਤ ਨੂੰ ਹੀ ਸਰਪੰਚ ਪ੍ਰਤੀਨਿਧੀ ਸੰਜੀਵ ਕੁਮਾਰ ਦੇ ਬਿਆਨਾਂ ਦੇ ਅਧਾਰ ’ਤੇ ਪਿੰਡ ਦੇ ਪੰਕਜ ਕੁਮਾਰ ਦੇ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਹੇਠ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਸੀ ਪਰ ਸਵੇਰੇ ਸਬੰਧਤ ਮਾਮਲੇ ਨੂੰ ਲੈ ਕੇ ਚੌਕੀ ਵਿਚ ਪਹੁੰਚੀ ਪਿੰਡ ਦੀ ਔਰਤ ਸਰਪੰਚ ਅਨੀਤਾ ਰਾਣੀ ਅਤੇ ਹੋਰ ਸਮਰਥਕਾਂ ਦੀ ਕਾਫੀ ਦੇਰ ਤੱਕ ਵੀ ਕੋਈ ਸੁਣਵਾਈ ਨਾ ਕੀਤੇ ਜਾਣ ਉਪਰੰਤ ਔਰਤ ਸਰਪੰਚ ਅਤੇ ਉਨ੍ਹਾਂ ਦੇ ਸਮਰਥਨ ਵਿੱਚ ਰੋਸ ਫੈਲ ਗਿਆ ਅਤੇ ਚੌਕੀ ਇੰਚਾਰਜ ਤੇ ਲਾਪਰਵਾਹੀ ਦੇ ਦੋਸ਼ ਲਗਾਉਂਦੇ ਹੋਏ ਚੌਕੀ ਦਾ ਘਿਰਾਓ ਸ਼ੁਰੂ ਕਰ ਦਿੱਤਾ।
ਔਰਤ ਸਰਪੰਚ ਦਾ ਦੋਸ਼ ਸੀ ਕਿ ਪਿੰਡ ਦੀ ਪ੍ਰਤੀਨਿਧੀ ਹੋਣ ਦੇ ਬਾਵਜੂਦ ਵੀ ਚੌਕੀ ਇੰਚਾਰਜ ਨੇ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਹੈ, ਬਲਕਿ ਉਨ੍ਹਾਂ ਨੂੰ ਚੌਕੀ ਦੇ ਬਾਹਰ ਘੰਟੇ ਬੈਠ ਕੇ ਇੰਤਜ਼ਾਰ ਕਰਨਾ ਪਿਆ ਹੈ। ਇਸ ਘਿਰਾਓ ਅਤੇ ਰੋਸ ਨੂੰ ਦੇਖਦੇ ਹੋਏ ਸਦਰ ਥਾਣਾ ਦੇ ਕਾਰਜਵਾਹਕ ਥਾਣਾ ਇੰਚਾਰਜ ਪ੍ਰਲਾਦ ਸਿੰਘ ਮੌਕੇ ’ਤੇ ਪਹੁੰਚ ਗਏ।
ਇਸ ਦੌਰਾਨ ਉਨ੍ਹਾਂ ਔਰਤ ਸਰਪੰਚ ਅਤੇ ਹੋਰ ਪ੍ਰਤੀਨਿਧੀਆਂ ਅੱਗੇ ਦੋਸ਼ੀ ਖਿਲਾਫ ਦਾਇਰ ਕੀਤੀ ਗਈ ਐੱਫਆਈਆਰ ਦੀ ਕਾਪੀ ਪੇਸ਼ ਕਰਦੇ ਹੋਏ ਦੱਸਿਆ ਕਿ ਦੋਸ਼ੀ ਨੂੰ ਰਾਤ ਸਮੇਂ ਹੀ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਇਸ ਮਾਮਲੇ ਦੀ ਜੋ ਵੀ ਕਾਰਵਾਈ ਹੋਵੇਗੀ, ਉਸ ਨੂੰ ਪਾਰਦਰਸ਼ਤਾ ਨਾਲ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਭਰੋਸਾ ਦਿੱਤਾ ਕਿ ਇਸ ਮਾਮਲੇ ਵਿਚ ਜੇਕਰ ਹੋਰ ਕੋਈ ਵੀ ਸ਼ਾਮਲ ਹੋਵੇਗਾ ਤਾਂ ਉਸ ਖਿਲਾਫ਼ ਵੀ ਕਾਰਵਾਈ ਕੀਤੀ ਜਾਵੇਗੀ।