
ਐਂਟੀ ਕੁਰੱਪਸ਼ਨ ਬਿਊਰੋ ਟੀਮ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸਬ-ਇੰਸਪੈਕਟਰ ਪ੍ਰਦੀਪ ਕੁਮਾਰ।
ਪੱਤਰ ਪ੍ਰੇਰਕ
ਜੀਂਦ, 18 ਮਾਰਚ
ਸਟੇਟ ਐਂਟੀ ਕੁਰੱਪਸ਼ਨ ਬਿਊਰੋ ਦੀ ਟੀਮ ਨੇ ਅੱਜ ਕੋਅਪ੍ਰੇਟਿਵ ਸੁਸਾਇਟੀ ਦੇ ਸਬ ਇੰਸਪੈਕਟਰ ਨੂੰ 50 ਹਜ਼ਾਰ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਨਾਰਨੌਂਦ ਦੇ ਓਮ ਪ੍ਰਕਾਸ਼ ਨੇ ਐਂਟੀ ਕੁਰੱਪਸ਼ਨ ਬਿਊਰੋ ਦੀ ਟੀਮ ਨੂੰ ਦੱਸਿਆ ਕਿ ਨੇਤਾ ਜੀ ਕਾਲੋਨੀ ਵਿੱਚ ਉਸ ਦੇ ਦੋ ਪਲਾਟ ਹਨ ਅਤੇ ਉਹ ਇਨ੍ਹਾਂ ਪਾਲਟਾਂ ਨੂੰ ਟ੍ਰਾਂਸਫਰ ਕਰਵਾਉਣਾ ਚਾਹੁੰਦਾ ਸੀ। ਇਸ ਸਬੰਧੀ ਕੋਆਪ੍ਰੇਟਿਵ ਸੁਸਾਇਟੀ ਦੇ ਸਬ-ਇੰਸਪੈਕਟਰ ਪ੍ਰਦੀਪ ਕੁਮਾਰ ਨੇ ਪਲਾਟਾਂ ਦੀ ਟ੍ਰਾਂਸਫਰ ਲਈ 50 ਹਜ਼ਾਰ ਰੁਪਏ ਦੀ ਰਿਸ਼ਵਤ ਮੰਗੀ। ਉਸ ਨੇ ਕੁੱਝ ਦੇ ਵੀ ਦਿੱਤੇ ਪਰ ਫਿਰ ਵੀ ਉਸ ਨੇ ਪਲਾਟ ਟ੍ਰਾਂਸਫਰ ਨਹੀਂ ਕੀਤੇ। ਇਸ ਮਗਰੋਂ ਉਸ ਨੇ ਇਸ ਦੀ ਸ਼ਿਕਾਇਤ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਕੀਤੀ। ਓਮ ਪ੍ਰਕਾਸ਼ ਦੀ ਸ਼ਿਕਾਇਤ ’ਤੇ ਬਿਊਰੋ ਦੇ ਇੰਸਪੈਕਟਰ ਮਨੀਸ਼ ਕੁਮਾਰ ਦੀ ਅਗਵਾਈ ਹੇਠ ਇੱਕ ਟੀਮ ਬਣਾਈ ਗਈ, ਜਿਸ ਵਿੱਚ ਸਰਕਾਰੀ ਕਾਲਜ ਦੇ ਪ੍ਰੋ. ਰਾਜੇਸ਼ ਬੂਰਾ ਨੂੰ ਡਿਊਟੀ ਮੈਜਿਸਟ੍ਰੇਟ ਨਿਯੁਕਤ ਕੀਤਾ ਗਿਆ। ਟੀਮ ਨੇ ਸ਼ਿਕਾਇਤਕਰਤਾ ਓਮ ਪ੍ਰਕਾਸ਼ ਨੂੰ ਪੈਸਿਆਂ ’ਤੇ ਪਾਊਡਰ ਲਗਾ ਕੇ ਦੇ ਦਿੱਤੇ। ਸਬ-ਇੰਸਪੈਕਟਰ ਪ੍ਰਦੀਪ ਨੇ ਓਮ ਪ੍ਰਕਾਸ਼ ਨੂੰ ਮਿੰਨੀ ਸਕੱਤਰੇਤ ਪਿੱਛੇ ਬੁਲਾ ਲਿਆ। ਜਿਵੇਂ ਹੀ ਓਮ ਪ੍ਰਕਾਸ਼ ਨੇ ਪ੍ਰਦੀਪ ਨੂੰ 50 ਹਜ਼ਾਰ ਰੁਪਏ ਦਿੱਤੇ, ਉਸੇ ਵੇਲੇ ਐਂਟੀ ਕੁਰੱਪਸ਼ਨ ਟੀਮ ਨੇ ਪ੍ਰਦੀਪ ਨੂੰ ਰੰਗੇ ਹੱਥੀਂ ਗ੍ਰਿਫਤਾਰ ਕਰ ਲਿਆ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ