ਤਕਨਾਲੋਜੀ ’ਚ ਨਵੀਨਤਾ ’ਤੇ ਜ਼ੋਰ ਦੇਣ ਵਿਦਿਆਰਥੀ: ਕ੍ਰਿਸ਼ਨਨ
ਨੈਸ਼ਨਲ ਇੰਸਟੀਚਿਊਟ ਆਫ ਟੈਕਨਾਲੋਜੀ ਕੁਰੂਕਸ਼ੇਤਰ ਹਰਿਆਣਾ ਦੇ 20ਵੀਂ ਕਾਨਵੋਕੇਸ਼ਨ ਵਿੱਚ ਉਪ ਰਾਸ਼ਟਰਪਤੀ ਸੀ ਪੀ ਰਾਧਾ ਕ੍ਰਿਸ਼ਨਨ ਨੇ ਬਤੌਰ ਮੁੱਖ ਮਹਿਮਾਨ ਸ਼ਮੂਲੀਅਤ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਇਹ ਅਦਾਕਾਰਾ ਭਾਰਤ ਦੇ ਪ੍ਰਮੁੱਖ ਤਕਨੀਕੀ ਸੰਸਥਾਨਾਂ ਵਿੱਚੋਂ ਇਕ ਹੈ। ਉਨ੍ਹਾਂ ਨੇ ਐੱਨ ਆਈ ਟੀ ਕੁਰੂਕਸ਼ੇਤਰ ਦੀ ਅਮੀਰ ਵਿਰਾਸਤ ਅਤੇ ਚੰਗੇ ਭਵਿੱਖ ਲਈ ਵਿਉਂਤਬੰਦੀ ਵਾਲੀ ਸੰਸਥਾ ਵਜੋਂ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਅਦਾਰਾ ਦੇਸ਼ ਵਿੱਚ ਸਿੱਖਿਆ ਦੇ ਮਿਆਰਾਂ ਨੂੰ ਆਕਾਰ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਪਵਿੱਤਰ ਧਰਤੀ ਹੈ ਸਾਨੂੰ ਯਾਦ ਦਿਵਾਉਂਦੀ ਹੈ ਕਿ ਧਰਮ ਹਮੇਸ਼ਾ ਬੁਰਾਈ ਉੱਤੇ ਜਿੱਤ ਪ੍ਰਾਪਤ ਕਰਦਾ ਹੈ। ਉਪ ਰਾਸ਼ਟਰਪਤੀ ਨੇ ਕਿਹਾ ਕਿ ਕਾਨਵੋਕੇਸ਼ਨ ਸਿਰਫ਼ ਇੱਕ ਸਮਾਰੋਹ ਨਹੀਂ ਹੈ ਸਗੋਂ ਅਜਿਹਾ ਪਲ ਹੈ ਜਦੋਂ ਸਾਲਾਂ ਦਾ ਸਮਰਪਣ ਮਾਣ ਤੇ ਮੌਕੇ ਨਾਲ ਭਰੀ ਉਮੀਦ ਨਵੀਂ ਸ਼ੁਰੂਆਤ ਵਿੱਚ ਬਦਲ ਜਾਂਦਾ ਹੈ। ਵਿਸ਼ਵਵਿਆਪੀ ਤਬਦੀਲੀ ਦੀ ਗਤੀ ’ਤੇ ਬੋਲਦੇ ਹੋਏ ਉਨ੍ਹਾਂ ਨੇ ਏ ਆਈ, ਨਵਿਆਉਣਯੋਗ ਊਰਜਾ ਪ੍ਰਣਾਲੀਆਂ, ਪੁਲਾੜ ਤਕਨਾਲੋਜੀ, ਬਾਇਓਤਕਨਾਲੋਜੀ, ਸਾਈਬਰ ਸੁਰੱਖਿਆ ਤੇ ਸੈਮੀ ਕੰਡਕਟਰਾਂ ਦੇ ਖੇਤਰਾਂ ਵਿੱਚ ਵਿਕਾਸ ਬਾਰੇ ਗੱਲ ਕੀਤੀ। ਉਨ੍ਹਾਂ ਵਿਦਿਆਰਥੀਆਂ ਨੂੰ ਜ਼ਿੰਮੇਵਾਰੀ ਨਾਲ ਨਵੀਨਤਾ ਲਿਆਉਣ ਦੀ ਅਪੀਲ ਕਰਦਿਆਂ ਕਿਹਾ ਕਿ ਤਕਨਾਲੋਜੀ ਦਾ ਅਸਲ ਉਦੇਸ਼ ਸਿਰਫ਼ ਤਰੱਕੀ ਨਹੀਂ ਸਗੋਂ ਉਦੇਸ਼ ਨਾਲ ਤਰੱਕੀ ਹੈ। ਵਿਦਿਆਰਥੀਆਂ ਨੂੰ ਖੋਜ ਕਾਰਜਾਂ ਲਈ ਉਤਸ਼ਾਹਿਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਇਸ ਨਾਲ ਭਾਰਤ ਦੀ ਤਕਨੀਕੀ ਲੀਡਰਸ਼ਿਪ ਨੂੰ ਅੱਗੇ ਵਧਣ ਦਾ ਮੌਕਾ ਮਿਲੇਗਾ।
