DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਹੜਤਾਲੀ ਮੁਲਾਜ਼ਮਾਂ ਨੇ ਨਗਰ ਕੌਂਸਲ ਦਫ਼ਤਰ ’ਚ ਖੜ੍ਹਾਈਆਂ ਕੂੜੇ ਨਾਲ ਭਰੀਆਂ ਗੱਡੀਆਂ; ਜੇਸੀਬੀ ਦੀ ਕੱਢੀ ਹਵਾ

ਡੋਰ ਟੂ ਡੋਰ ਕੂੜਾ ਚੁੱਕਵਾਉਣ ਨੂੰ ਲੈ ਕੇ ਪ੍ਰਸ਼ਾਸਨ ਅਤੇ ਹੜਤਾਲੀ ਮੁਲਾਜ਼ਮਾਂ ਵਿੱਚ ਤਣਾਅ

  • fb
  • twitter
  • whatsapp
  • whatsapp
featured-img featured-img
ਨਗਰ ਕੌਂਸਲ ਦਫਤਰ ’ਚ ਖੜ੍ਹਾਈਆਂ ਕੂੜੇ ਨਾਲ ਭਰੀਆਂ ਗੱਡੀਆਂ। ਫੋਟੋ; ਇਕਬਾਲ ਸਿੰਘ ਸ਼ਾਂਤ
Advertisement

ਸ਼ਹਿਰ ਵਿੱਚ ਸਫ਼ਾਈ ਮੁਲਾਜ਼ਮਾਂ ਦੀ 20 ਦਿਨਾਂ ਤੋਂ ਚੱਲ ਰਹੀ ਹੜਤਾਲ ਦੌਰਾਨ, ਨਗਰ ਕੌਂਸਲ ਪ੍ਰਸ਼ਾਸਨ ਵੱਲੋਂ ਠੇਕੇ ਉੱਤੇ ਕੰਮ ਕਰਨ ਵਾਲੀ ਏਜੰਸੀ ਰਾਹੀਂ ਡੋਰ-ਟੂ-ਡੋਰ ਕੂੜਾ ਚੁਕਵਾਉਣ ਨੂੰ ਲੈ ਕੇ ਟਕਰਾਅ ਦੀ ਸਥਿਤੀ ਪੈਦਾ ਹੋ ਗਈ। ਪਹਿਲੀ ਸ਼ਿਫਟ ਵਿੱਚ ਕਰੀਬ 18 ਗੱਡੀਆਂ ਰਾਹੀਂ ਕੂੜਾ ਚੁੱਕੇ ਜਾਣ ਦੀ ਸੂਚਨਾ ਮਿਲਦਿਆਂ ਹੀ, ਹੜਤਾਲੀ ਪੇਅ-ਰੋਲ ਸਫ਼ਾਈ ਮੁਲਾਜ਼ਮਾਂ ਨੇ ਰਾਮਬਾਗ ਰੋਡ ਸਥਿਤ ਡੰਪਿੰਗ ਸਟੇਸ਼ਨ ਦੇ ਰਸਤੇ ਵਿੱਚ ਗੱਡੀਆਂ ਰੋਕ ਲਈਆਂ। ਪੁਲੀਸ ਦੀ ਮੌਜੂਦਗੀ ਵਿੱਚ ਠੇਕੇਦਾਰ ਦੇ ਸਟਾਫ਼ ਨਾਲ ਤਿੱਖੀ ਬਹਿਸ ਤੋਂ ਬਾਅਦ, ਮੁਲਾਜ਼ਮ ਕੂੜੇ ਨਾਲ ਭਰੀਆਂ ਗੱਡੀਆਂ ਨੂੰ ਨਗਰ ਕੌਂਸਲ ਦਫ਼ਤਰ ਕੰਪਲੈਕਸ ਵਿੱਚ ਲਿਆ ਕੇ ਖੜ੍ਹਾ ਕਰ ਦਿੱਤਾ।

ਇਸ ਤੋਂ ਪਹਿਲਾਂ, ਸਫ਼ਾਈ ਮੁਲਾਜ਼ਮਾਂ ਦੀ ਹੜਤਾਲ ਕਾਰਨ ਪ੍ਰਸ਼ਾਸਨ ਨੇ ਸ਼ਹਿਰ ਵਿੱਚ ਥਾਂ-ਥਾਂ ਜਮ੍ਹਾਂ ਕੂੜੇ ਦੇ ਢੇਰ ਭਾਰੀ ਪੁਲੀਸ ਬਲ ਦੀ ਮੌਜੂਦਗੀ ਵਿੱਚ ਚੁਕਵਾਏ ਸਨ। ਇਸ ਤੋਂ ਬਾਅਦ, ਮਿਊਂਸਪਲ ਕਮੇਟੀ ਪ੍ਰਸ਼ਾਸਨ ਨੇ ਅੱਜ ਠੇਕਾ ਏਜੰਸੀ ਰਾਹੀਂ ਘਰ-ਘਰ ਕੂੜਾ ਇਕੱਠਾ ਕਰਵਾਉਣਾ ਸ਼ੁਰੂ ਕੀਤਾ। ਪਹਿਲੀ ਸ਼ਿਫਟ ਵਿੱਚ ਡੇਢ ਦਰਜਨ ਦੇ ਕਰੀਬ ਗੱਡੀਆਂ ਰਾਹੀਂ ਘਰਾਂ ਤੋਂ ਕੂੜਾ ਇਕੱਠਾ ਕੀਤਾ ਗਿਆ। ਜਦੋਂ ਇਸ ਦੀ ਭਿਣਕ ਹੜਤਾਲੀ ਮੁਲਾਜ਼ਮਾਂ ਨੂੰ ਪਈ, ਤਾਂ ਉਹ ਰਾਮਬਾਗ ਨੇੜੇ ਡੰਪਿੰਗ ਸਟੇਸ਼ਨ ’ਤੇ ਪਹੁੰਚ ਗਏ ਅਤੇ ਗੱਡੀਆਂ ਰੋਕ ਲਈਆਂ।

Advertisement

ਇਸ ਦੌਰਾਨ ਸਫ਼ਾਈ ਮੁਲਾਜ਼ਮ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਸੂਰਜ ਕੁਮਾਰ ਅਤੇ ਠੇਕੇਦਾਰ ਦੇ ਮੈਨੇਜਰ ਵਿਜੇ ਕੁਮਾਰ ਵਿਚਕਾਰ ਕਾਫ਼ੀ ਤਲਖ਼ ਕਲਾਮੀ ਹੋਈ। ਸੂਰਜ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਮੈਨੇਜਰ ਨੂੰ ਗੱਡੀਆਂ ਵਿੱਚ ਭਰਿਆ ਕੂੜਾ ਖ਼ਾਲੀ ਕਰਵਾ ਕੇ ਨਗਰ ਕੌਂਸਲ ਦਫ਼ਤਰ ਭੇਜਣ ਲਈ ਕਿਹਾ ਸੀ, ਤਾਂ ਜੋ ਮੁਲਾਜ਼ਮ ਉੱਥੇ ਸ਼ਾਂਤਮਈ ਢੰਗ ਨਾਲ ਆਪਣਾ ਸੰਘਰਸ਼ ਜਾਰੀ ਰੱਖ ਸਕਣ। ਉਨ੍ਹਾਂ ਦੋਸ਼ ਲਾਇਆ ਕਿ ਮੈਨੇਜਰ ਨੇ ਤਿੰਨ-ਚਾਰ ਗੱਡੀਆਂ ਨੂੰ ਡੰਪਿੰਗ ਸਟੇਸ਼ਨ ਦੇ ਅੰਦਰ ਹੀ ਬੰਦ ਕਰਵਾ ਦਿੱਤਾ। ਇਸ ਤੋਂ ਬਾਅਦ ਮੁਲਾਜ਼ਮ ਕੂੜੇ ਨਾਲ ਭਰੀਆਂ ਹੋਰ ਗੱਡੀਆਂ ਨਗਰ ਕੌਂਸਲ ਦਫ਼ਤਰ ਕੰਪਲੈਕਸ ਵਿੱਚ ਲੈ ਆਏ।

Advertisement

ਸੂਰਜ ਕੁਮਾਰ ਨੇ ਕਿਹਾ ਕਿ ਮੁਲਾਜ਼ਮ ਆਪਣੀਆਂ ਜਾਇਜ਼ ਮੰਗਾਂ ਨੂੰ ਲੈ ਕੇ ਸ਼ਾਂਤਮਈ ਧਰਨੇ ’ਤੇ ਬੈਠੇ ਹਨ, ਪਰ ਪ੍ਰਸ਼ਾਸਨ ਗੱਲਬਾਤ ਰਾਹੀਂ ਹੱਲ ਕੱਢਣ ਦੀ ਬਜਾਏ ਹੜਤਾਲ ਨੂੰ ਜ਼ਬਰਦਸਤੀ ਤੋੜਨ ਦੀ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਮੰਗਾਂ ਪੂਰੀਆਂ ਹੋਣ ਤੱਕ ਕਿਸੇ ਵੀ ਠੇਕੇ ਦੀ ਗੱਡੀ ਨੂੰ ਸ਼ਹਿਰ ਵਿੱਚ ਨਹੀਂ ਚੱਲਣ ਦਿੱਤਾ ਜਾਵੇਗਾ। ਯੂਨੀਅਨ ਨੇ ਠੇਕੇ ਦੇ ਵਾਹਨਾਂ ’ਤੇ ਦਿਨ-ਰਾਤ ਨਿਗਰਾਨੀ ਰੱਖਣ ਦਾ ਵੀ ਐਲਾਨ ਕੀਤਾ ਹੈ।

ਕੂੜਾ ਚੁੱਕਣ ਵਾਲੀ ਏਜੰਸੀ ‘ਪੂਜਾ ਵੇਸਟ ਮੈਨੇਜਮੈਂਟ’ ਦੇ ਸਥਾਨਕ ਮੈਨੇਜਰ ਵਿਜੇ ਕੁਮਾਰ ਨੇ ਦੱਸਿਆ ਕਿ ਸਵੇਰੇ ਕੂੜਾ ਚੁੱਕਣ ਲਈ ਗੱਡੀਆਂ ਭੇਜੀਆਂ ਗਈਆਂ ਸਨ। ਹੜਤਾਲੀ ਮੁਲਾਜ਼ਮ ਮੌਕੇ ’ਤੇ ਪਹੁੰਚ ਗਏ ਅਤੇ ਵਿਰੋਧ ਕਰਦਿਆਂ ਇੱਕ ਗੱਡੀ ਵਿੱਚੋਂ ਕੂੜਾ ਕੱਢ ਕੇ ਸੜਕ ’ਤੇ ਸੁੱਟ ਦਿੱਤਾ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਮੁਲਾਜ਼ਮਾਂ ਨੇ ਇੱਕ ਜੇਸੀਬੀ (JCB) ਦੇ ਟਾਇਰ ਦੀ ਹਵਾ ਵੀ ਕੱਢ ਦਿੱਤੀ ਹੈ।

ਉੱਧਰ, ਨਗਰ ਕੌਂਸਲ ਦੇ ਈ.ਓ. (Executive Officer) ਸੁਰਿੰਦਰ ਕੁਮਾਰ ਨੇ ਕਿਹਾ ਕਿ ਸ਼ਹਿਰ ਵਿੱਚ ਲੰਮੇ ਸਮੇਂ ਤੋਂ ਕੂੜਾ ਜਮ੍ਹਾਂ ਹੋਣ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਅਤੇ ਬਿਮਾਰੀ ਫੈਲਣ ਦਾ ਖ਼ਤਰਾ ਵੀ ਬਣਿਆ ਹੋਇਆ ਸੀ। ਇਸੇ ਸਥਿਤੀ ਦੇ ਮੱਦੇਨਜ਼ਰ ਅੱਜ ਠੇਕਾ ਏਜੰਸੀ ਰਾਹੀਂ ਘਰ-ਘਰ ਕੂੜਾ ਚੁੱਕਣ ਦਾ ਕੰਮ ਸ਼ੁਰੂ ਕਰਵਾਇਆ ਗਿਆ ਹੈ।

Advertisement
×