ਮੀਰੀ ਪੀਰੀ ਇੰਸਟੀਚਿਊਟ ਦੇ ਮੁਲਾਜ਼ਮਾਂ ਵੱਲੋਂ ਹੜਤਾਲ
ਓ ਪੀ ਡੀ ਸੇਵਾਵਾਂ ਪ੍ਰਭਾਵਿਤ; ਪਿਛਲੇ ਤਿੰਨ ਮਹੀਨਿਆਂ ਦੀਆਂ ਬਕਾਇਆ ਤਨਖਾਹਾਂ ਜਾਰੀ ਕਰਨ ਦੀ ਮੰਗ
ਮੀਰੀ ਪੀਰੀ ਮੈਡੀਕਲ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ ਐਂਡ ਰਿਸਰਚ ਸੈਂਟਰ ਦੇ ਸਟਾਫ ਅਤੇ ਡਾਕਟਰਾਂ ਨੇ ਆਪਣੀਆਂ ਬਕਾਇਆ ਤਨਖਾਹਾਂ ਦੀ ਮੰਗ ਲਈ ਅਣਮਿੱਥੇ ਸਮੇਂ ਦੀ ਹੜਤਾਲ ਸ਼ੁਰੂ ਕਰ ਦਿੱਤੀ ਹੈ। ਮੀਰੀ ਪੀਰੀ ਕਰਮਚਾਰੀ ਸੰਘਰਸ਼ ਕਮੇਟੀ ਦੇ ਬੈਨਰ ਹੇਠ ਸਵੇਰੇ 10 ਵਜੇ ਅਰਦਾਸ ਕਰ ਕੇ ਸ਼ੁਰੂ ਕੀਤੇ ਗਏ ਇਸ ਧਰਨੇ ਦੌਰਾਨ ਮੁਲਾਜ਼ਮਾਂ ਨੇ ਮੈਨੇਜਮੈਂਟ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਕਮੇਟੀ ਦੇ ਪ੍ਰਧਾਨ ਪ੍ਰਿਤਪਾਲ ਸਿੰਘ ਅਤੇ ਮੁੱਖ ਸਰਪ੍ਰਸਤ ਡਾ. ਗੁਰਪਿੰਦਰਬੀਰ ਸਿੰਘ ਨੇ ਕਿਹਾ ਕਿ ਪਿਛਲੇ ਤਿੰਨ ਮਹੀਨਿਆਂ ਤੋਂ ਤਨਖਾਹ ਨਾ ਮਿਲਣ ਕਾਰਨ ਪਰਿਵਾਰ ਆਰਥਿਕ ਸੰਕਟ ਵਿੱਚ ਹਨ।
ਪ੍ਰਦਰਸ਼ਨਕਾਰੀਆਂ ਨੇ ਮੰਗ ਕੀਤੀ ਕਿ ਸੰਸਥਾ ਦੇ ਸੰਚਾਲਨ ਅਤੇ ਅਦਾਇਗੀ ਦੀ ਜ਼ਿੰਮੇਵਾਰੀ ਸਪੱਸ਼ਟ ਕੀਤੀ ਜਾਵੇ ਕਿ ਤਨਖਾਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇਵੇਗੀ ਜਾਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ। ਇਸ ਤੋਂ ਇਲਾਵਾ ਭਵਿੱਖ ਵਿੱਚ ਤਨਖਾਹਾਂ ਲਈ ਤੈਅ ਮਿਤੀ ਦਾ ਐਲਾਨ ਕੀਤਾ ਜਾਵੇ। ਹਸਪਤਾਲ ਦੇ ਸੀ ਏ ਓ ਡਾ. ਸੰਦੀਪ ਇੰਦਰ ਸਿੰਘ ਚੀਮਾ ਨੇ ਸਟਾਫ਼ ਦੇ ਸਮਰਪਣ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਤਨਖਾਹਾਂ ਤੋਂ ਬਿਨਾਂ ਵੀ ਮੁਲਾਜ਼ਮ ਸੇਵਾ ਨਿਭਾਅ ਰਹੇ ਹਨ। ਧਰਨੇ ਕਾਰਨ ਓ ਪੀ ਡੀ ਸੇਵਾਵਾਂ ਪ੍ਰਭਾਵਿਤ ਹੋਈਆਂ, ਪਰ ਮਰੀਜ਼ਾਂ ਦੀ ਭਲਾਈ ਲਈ ਐਮਰਜੈਂਸੀ, ਡਾਇਲਸਿਸ, ਸਰਜਰੀ ਅਤੇ ਪਹਿਲਾਂ ਤੋਂ ਨਿਰਧਾਰਤ ਇਲਾਜ ਜਾਰੀ ਰੱਖੇ ਗਏ ਹਨ।
ਭਾਰਤੀ ਕਿਸਾਨ ਯੂਨੀਅਨ ਚੜੂਨੀ ਦੇ ਕੌਮੀ ਪ੍ਰਧਾਨ ਗੁਰਨਾਮ ਸਿੰਘ ਨੇ ਧਰਨੇ ਵਿੱਚ ਸ਼ਾਮਲ ਹੋ ਕੇ ਮੰਗਾਂ ਦਾ ਸਮਰਥਨ ਕੀਤਾ। ਉਨ੍ਹਾਂ ਕਿਹਾ ਕਿ ਦੋਵਾਂ ਪ੍ਰਬੰਧਕੀ ਕਮੇਟੀਆਂ ਨੂੰ ਪੱਤਰ ਭੇਜ ਕੇ ਬਕਾਇਆ ਅਦਾ ਕਰਨ ਅਤੇ ਐੱਚ ਐੱਸ ਜੀ ਐੱਮ ਸੀ ਦੇ ਚੁਣੇ ਹੋਏ ਮੈਂਬਰ ਦੀਦਾਰ ਸਿੰਘ ਨਲਵੀ ਅਤੇ ਬੀਬੀ ਕਰਤਾਰ ਕੌਰ ਨੂੰ ਚਾਰਜ ਸੌਂਪ ਕੇ ਸਥਾਈ ਹੱਲ ਲੱਭਣ ਦੀ ਮੰਗ ਕੀਤੀ ਜਾਵੇਗੀ। ਕਿਸਾਨ ਆਗੂ ਜਸਬੀਰ ਸਿੰਘ ਮਾਮੂ ਮਾਜਰਾ ਅਤੇ ਸਿੱਖ ਸਮਾਜ ਸੇਵਕ ਸਭਾ ਦੇ ਪ੍ਰਧਾਨ ਮਨਜੀਤ ਸਿੰਘ ਨੇ ਚਿਤਾਵਨੀ ਦਿੱਤੀ ਕਿ ਜੇ ਜਲਦੀ ਫ਼ੈਸਲਾ ਨਾ ਕੀਤਾ ਗਿਆ ਤਾਂ ਸ਼ਾਹਬਾਦ ਦੀ ਸੰਗਤ ਸੰਘਰਸ਼ ਹੋਰ ਤੇਜ਼ ਕਰੇਗੀ। ਪ੍ਰਦਰਸ਼ਨ ਨੂੰ ਸ਼ਹੀਦ ਊਧਮ ਸਿੰਘ ਯਾਦਗਾਰੀ ਕਮੇਟੀ ਅਤੇ ਚੜਦੀ ਕਲਾ ਵੈਲਫੇਅਰ ਸੁਸਾਇਟੀ ਸਣੇ ਕਈ ਜਥੇਬੰਦੀਆਂ ਨੇ ਵੀ ਸਮਰਥਨ ਦਿੱਤਾ ਹੈ।
