ਸ਼ਾਹਬਾਦ ਵਿੱਚ ਸੂਬਾ ਪੱਧਰੀ ਹੈਂਡਬਾਲ ਮੁਕਾਬਲੇ
ਲਡ਼ਕਿਆਂ ਵਿੱਚ ਪਾਣੀਪਤ ਨੇ ਮਾਰੀ ਬਾਜ਼ੀ; ਰੋਟਰੀ ਕਲੱਬ ਤੇ ਹੈਂਡਬਾਲ ਅਕਾਦਮੀ ਦਾ ਸਾਂਝਾ ਉੱਦਮ
ਸੂਬਾ ਪੱਧਰੀ ਅੰਤਰ-ਅਕੈਡਮੀ ਹੈਂਡਬਾਲ ਟੂਰਨਾਮੈਂਟ ਰੋਟਰੀ ਕਲੱਬ ਆਫ ਸ਼ਾਹਬਾਦ ਤੇ ਸ਼ਾਹਬਾਦ ਹੈਂਡਬਾਲ ਅਕੈਡਮੀ ਦੇ ਸਾਂਝੇ ਸਹਿਯੋਗ ਨਾਲ ਕਰਾਇਆ ਗਿਆ। ਇਸ ਮੁਕਾਬਲੇ ਵਿਚ ਅੰਡਰ 14 ਲੜਕੇ ਤੇ ਸੀਨੀਅਰ ਲੜਕੀਆਂ ਦੇ ਵਰਗਾਂ ਦੇ ਮੈਚ ਕਰਾਏ ਗਏ। ਜਿਸ ਵਿਚ ਸੂਬਾ ਭਰ ਦੀਆਂ ਵੱਖ ਵੱਖ ਅਕੈਡਮੀਆਂ ਦੀਆਂ 20 ਟੀਮਾਂ ਨੇ ਬਹੁਤ ਹੀ ਉਤਸ਼ਾਹ ਨਾਲ ਹਿੱਸਾ ਲਿਆ। ਇਸ ਮੌਕੇ ਰੋਟਰੀ ਦੇ ਪ੍ਰਧਾਨ ਡਾ. ਆਰ ਐੱਸ ਘੁੰਮਣ ਨੇ ਕਿਹਾ ਕਿ ਖੇਡਾਂ ਨਾ ਸਿਰਫ ਸਰੀਰਕ ਤੰਦਰੁਸਤੀ ਦਾ ਸਾਧਨ ਹਨ ਸਗੋਂ ਅਨੁਸ਼ਾਸ਼ਨ, ਆਤਮ ਵਿਸ਼ਵਾਸ, ਲੀਡਰਸ਼ਿਪ ਹੁਨਰ ਤੇ ਟੀਮ ਭਾਵਨਾ ਨੂੰ ਵਿਕਸਤ ਕਰਨ ਦਾ ਇਕ ਵਧੀਆ ਸਾਧਨ ਵੀ ਹਨ। ਮੁਕਾਬਲਿਆਂ ਦੇ ਨਤੀਜਿਆਂ ਵਿਚ ਪਾਣੀਪਤ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਅੰਡਰ 14 ਲੜਕਿਆਂ ਦੇ ਵਰਗ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ, ਜਦੋਂ ਕਿ ਗੌਂਗ ਕੈਥਲ ਦੀ ਟੀਮ ਦੂਜੇ ਸਥਾਨ ਤੇ ਰਹੀ ਤੇ ਸ਼ਾਹਬਾਦ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਕੁੜੀਆਂ ਦੇ ਸੀਨੀਅਰ ਵਰਗ ਵਿਚ ਗੋਂਗ ਕੈਥਲ ਦੀ ਟੀਮ ਜੇਤੂ ਰਹੀ, ਖਾਨਪੁਰ ਦੀ ਟੀਮ ਨੇ ਦੂਜਾ ਤੇ ਸ਼ਾਹਬਾਦ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਜੇਤੂ ਤੇ ਉਪ ਜੇਤੂ ਟੀਮਾਂ ਨੂੰ ਉਨਾਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਸਨਮਾਨਿਤ ਕੀਤਾ ਗਿਆ। ਮੁਕਾਬਲੇ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਲਈ ਸ਼ਾਹਬਾਦ ਦੀ ਖਿਡਾਰਨ ਸ੍ਰਿਸ਼ਟੀ ਨੂੰ ਸਰਵੋਤਮ ਗੋਲ ਕੀਪਰ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੁੱਖ ਸਲਾਹਕਾਰ ਰਾਜ ਕੁਮਾਰ ਗਰਗ, ਰੋਟਰੀ ਕਲੱਬ ਦੇ ਸਕੱਤਰ ਵਿਕਰਮ ਗੁਪਤਾ, ਜ਼ਿਲ੍ਹਾ ਹੈਂਡ ਬਾਲ ਕੋਚ ਸੁਨੀਲ ਕੁਮਾਰ, ਕੋਚ ਅਰਪਿਤ, ਇਸ਼ਾਂਤ, ਯੋਗੇਸ਼, ਅਨਿਲ, ਸ਼ਿਵਮ ਤੇ ਕਈ ਹੋਰ ਪਤਵੰਤੇ ਮੌਜੂਦ ਸਨ।
