ਨੌਜਵਾਨਾਂ ਨੂੰ ਸਹੀ ਦਿਸ਼ਾ ਦਿੰਦੀਆਂ ਨੇ ਖੇਡਾਂ: ਸੈਣੀ
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਖੇਡਾਂ ਉਹ ਸ਼ਕਤੀ ਹਨ ਜੋ ਨੌਜਵਾਨਾਂ ਦੀ ਊਰਜਾ ਨੂੰ ਸਕਾਰਾਤਮਕ ਦਿਸ਼ਾ ਦਿੰਦੀਆਂ ਹਨ। ਉਨ੍ਹਾਂ ਕਿਹਾ ਕਿ ਜਦੋਂ ਨੌਜਵਾਨ ਮੈਦਾਨ ’ਚ ਦੌੜਦੇ ਹਨ, ਤਾਂ ਉਹ ਨਸ਼ਿਆਂ ਤੋਂ ਦੂਰ ਰਹਿੰਦੇ ਹਨ ਅਤੇ ਅਨੁਸ਼ਾਸਨ ਨਾਲ ਰਾਸ਼ਟਰ ਨਿਰਮਾਣ ਵਿੱਚ ਭਾਈਵਾਲ ਬਣਦੇ ਹਨ। ਮੁੱਖ ਮੰਤਰੀ ਨਾਇਬ ਸਿੰਘ ਅੱਜ ਨਾਰਾਇਣਗੜ੍ਹ ਦੇ ਪਿੰਡ ਬਾਰਾਗੜ੍ਹ ਵਿੱਚ ਹਰਿਆਣਾ ਸੂਬਾਈ ਚੈਂਪੀਅਨਸ਼ਿਪ-2025 ਦੇ ਉਦਘਾਟਨ ਮੌਕੇ ਖਿਡਾਰੀਆਂ ਨੂੰ ਸੰਬੋਧਨ ਕਰ ਰਹੇ ਸਨ। ਮੁੱਖ ਮੰਤਰੀ ਨੇ ਇਸ ਸਟੇਡੀਅਮ ਵਿੱਚ 16.71 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਹਾਕੀ ਐਸਟ੍ਰੋਟਰਫ ਮੈਦਾਨ ਅਤੇ ਚਾਰ-ਮਾਰਗੀ ਸਿੰਥੈਟਿਕ ਅਥਲੈਟਿਕ ਟਰੈਕ ਦਾ ਨੀਂਹ ਪੱਥਰ ਵੀ ਰੱਖਿਆ। ਮੁੱਖ ਮੰਤਰੀ ਨੇ ਅਕਤੂਬਰ ਵਿੱਚ ਹੋਈਆਂ ਯੂਥ ਏਸ਼ੀਅਨ ਖੇਡਾਂ ਵਿੱਚ ਚਾਂਦੀ ਦਾ ਤਗਮਾ ਜਿੱਤਣ ਵਾਲੀ ਅੰਬਾਲਾ ਜ਼ਿਲ੍ਹੇ ਦੇ ਸ਼ਾਹਪੁਰ ਪਿੰਡ ਦੀ ਮੁੱਕੇਬਾਜ਼ ਹਰਨੂਰ ਕੌਰ ਦਾ ਸਨਮਾਨ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਉਹ ਬੜਾਗੜ੍ਹ ਦੀ ਇਸ ਪਵਿੱਤਰ ਧਰਤੀ ’ਤੇ ਆ ਕੇ ਚੰਗਾ ਮਹਿਸੂਸ ਕਰਦੇ ਹਨ। ਚੈਂਪੀਅਨਸ਼ਿਪ ਵਿੱਚ ਸੂਬੇ ਦੇ 4,000 ਤੋਂ ਵੱਧ ਨੌਜਵਾਨ ਸ਼ਾਮਲ ਹਨ। ਮੁੱਖ ਮੰਤਰੀ ਨੇ ਕਿਹਾ ਕਿ ਨੌਜਵਾਨਾਂ ਨੂੰ ਮੈਦਾਨ ਵਿੱਚ ਗੂੰਜਣਾ ਚਾਹੀਦਾ ਹੈ। ਹਮੇਸ਼ਾ ਜਿੱਤ ਬਾਰੇ ਸੋਚਣਾ ਚਾਹੀਦਾ ਹੈ ਅਤੇ ਹਾਰ ਤੋਂ ਸਿੱਖਣਾ ਚਾਹੀਦਾ ਹੈ। ਇਹ ਚੈਂਪੀਅਨਸ਼ਿਪ ਖਿਡਾਰੀਆਂ ਨੂੰ ਅਥਲੈਟਿਕ ਮਿਆਰਾਂ ਨੂੰ ਹੋਰ ਵੀ ਉੱਚਾ ਚੁੱਕਣ ਦੇ ਯੋਗ ਬਣਾਏਗੀ। ਮੁੱਖ ਮੰਤਰੀ ਨੇ ਕਿਹਾ ਕਿ ਇਸ ਟਰੈਕ ਦੇ ਨਿਰਮਾਣ ਨਾਲ ਸਾਡੇ ਨੌਜਵਾਨਾਂ ਦੇ ਸੁਫਨਿਆਂ ਨੂੰ ਨਵੇਂ ਖੰਭ ਮਿਲਣਗੇ। ਇਸ ਤੋਂ ਇਲਾਵਾ ਇਹ ਆਧੁਨਿਕ ਹਾਕੀ ਐਸਟ੍ਰੋਟਰਫ ਮੈਦਾਨ ਹਰਿਆਣਾ ਨੂੰ ਭਾਰਤ ਦੀ ਖੇਡ ਸ਼ਕਤੀ ਬਣਾਉਣ ਵਿੱਚ ਪ੍ਰਭਾਵਸ਼ਾਲੀ ਕਦਮ ਸਾਬਤ ਹੋਵੇਗਾ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਇਸ ਚਾਰ-ਮਾਰਗੀ ਸਿੰਥੈਟਿਕ ਅਥਲੈਟਿਕ ਟਰੈਕ ਦੇ ਨਿਰਮਾਣ ਨਾਲ ਅਥਲੈਟਿਕਸ ਵਰਗੀਆਂ ਬੁਨਿਆਦੀ ਖੇਡਾਂ ਨੂੰ ਵੀ ਨਵੀਂ ਦਿਸ਼ਾ ਮਿਲੇਗੀ। ਹਰ ਖੇਡ ਇੱਕ ਦੌੜ ਨਾਲ ਸ਼ੁਰੂ ਹੁੰਦੀ ਹੈ ਅਤੇ ਜਦੋਂ ਆਧੁਨਿਕ ਟਰੈਕ ’ਤੇ ਦੌੜ ਸ਼ੁਰੂ ਹੁੰਦੀ ਹੈ ਤਾਂ ਨਤੀਜੇ ਵਿਸ਼ਵ ਪੱਧਰੀ ਹੋਣਗੇ।
ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਸੂਬੇ ਭਰ ਵਿੱਚ ਖੇਡ ਸਹੂਲਤਾਂ ਵਿਕਸਤ ਕਰਨ ਦਾ ਟੀਚਾ ਰੱਖਿਆ ਹੈ। ਇਸ ਲਈ ਖੇਡ ਵਿਭਾਗ ਦੇ ਬਜਟ ਨੂੰ ਦੁੱਗਣੇ ਤੋਂ ਵੀ ਵੱਧ ਕਰ ਦਿੱਤਾ ਗਿਆ ਹੈ। ਇਸ ਵਿੱਤੀ ਸਾਲ ਦੇ ਬਜਟ ਵਿੱਚ ਖੇਡਾਂ ਲਈ 589 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਗਿਆ ਹੈ।
