Gurugram 'ਚ ਤੇਜ਼ ਰਫਤਾਰ ਵਾਹਨਾਂ ਦਾ ਕਹਿਰ ; 24 ਘੰਟਿਆਂ 'ਚ 5 ਸੜਕ ਹਾਦਸਿਆਂ ਦੌਰਾਨ 7 ਹਲਾਕ
ਪ੍ਰਬੰਧਕੀ ਯਤਨਾਂ ਦੇ ਬਾਵਜੂਦ ਗੁਰੂਗ੍ਰਾਮ ਲਗਾਤਾਰ ਹਰਿਆਣਾ ਵਿੱਚ ਸੜਕੀ ਮੌਤਾਂ 'ਚ ਸਭ ਤੋਂ ਅੱਗੇ
ਹਰਿਆਣਾ ਦੀ ਸਾਈਬਰ ਸਿਟੀ ਦੇ ਨਾਅ ਨਾਲ ਮਸ਼ਹੂਰ ਗੁਰੂਗ੍ਰਾਮ ਵਿੱਚ ਪਿਛਲੇ 24 ਘੰਟਿਆਂ ਦੌਰਾਨ ਪੰਜ ਵੱਖ-ਵੱਖ ਸੜਕ ਹਾਦਸਿਆਂ 'ਚ ਸੱਤ ਲੋਕਾਂ ਦੀ ਮੌਤ ਹੋ ਗਈ ਹੈ। ਇਨ੍ਹਾਂ ਹਾਦਸਿਆਂ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਗੁਰੂਗ੍ਰਾਮ ਜਾਨਲੇਵਾ ਸੜਕੀ ਹਾਦਸਿਆਂ ਦੇ ਮਾਮਲੇ ਵਿੱਚ ਪੂਰੇ ਸੂਬੇ ਵਿੱਚੋਂ ਸਭ ਤੋਂ ਅੱਗੇ ਅਤੇ ਬਦਨਾਮ ਹੈ।
ਜਾਣਕਾਰੀ ਮੁਤਾਬਕ ਸਭ ਤੋਂ ਦਰਦਨਾਕ ਹਾਦਸਾ ਸ਼ੁੱਕਰਵਾਰ ਰਾਤ ਪਟੌਦੀ ਦੇ ਪਿੰਡ ਖੋਡ ਵਿੱਚ ਵਾਪਰਿਆ, ਜਿੱਥੇ 100 ਕਿਲੋਮੀਟਰ ਤੋਂ ਵੱਧ ਦੀ ਰਫ਼ਤਾਰ ਨਾਲ ਆ ਰਹੀ ਇੱਕ ਥਾਰ ਨੇ 60 ਸਾਲਾ ਸੁਭਾਸ਼ ਅਤੇ ਉਸ ਦੇ ਦੋ ਮਾਸੂਮ ਪੋਤੇ (10 ਸਾਲਾ ਈਸ਼ਾਂਤ ਅਤੇ 8 ਸਾਲਾ ਜ਼ੈਦ ਖਾਨ) ਨੂੰ ਕੁਚਲ ਦਿੱਤਾ। ਇਹ ਬੱਚੇ ਰਾਜਸਥਾਨ ਤੋਂ ਆਪਣੇ ਨਾਨਕੇ ਘਰ ਛੁੱਟੀਆਂ ਮਨਾਉਣ ਆਏ ਸਨ। ਸੀਸੀਟੀਵੀ ਫੁਟੇਜ ਮੁਤਾਬਕ ਟੱਕਰ ਇੰਨੀ ਜ਼ਬਰਦਸਤ ਸੀ ਕਿ ਬੱਚੇ ਹਵਾ ਵਿੱਚ ਉਛਲ ਗਏ। ਹਾਦਸੇ ਤੋਂ ਬਾਅਦ ਡਰਾਈਵਰ ਦੀਪਾਂਸ਼ੂ ਜ਼ਖਮੀਆਂ ਨੂੰ ਸੜਕ 'ਤੇ ਹੀ ਮਰਨ ਲਈ ਛੱਡ ਕੇ ਦੂਜੀ ਗੱਡੀ ਵਿੱਚ ਫ਼ਰਾਰ ਹੋ ਗਿਆ।
ਉੱਥੇ ਹੀ ਸੈਕਟਰ 12 ਵਿੱਚ 22 ਸਾਲਾ ਹਿਮਾਂਸ਼ੂ ਰਾਜਪੂਤ ਦੀ ਉਸ ਸਮੇਂ ਕੁਚਲ ਕੇ ਮੌਤ ਹੋ ਗਈ ਜਦੋਂ ਉਸ ਦਾ ਪਾਣੀ ਵਾਲਾ ਟੈਂਕਰ ਤੇਜ਼ ਰਫ਼ਤਾਰ ਕਾਰਨ ਪਲਟ ਗਿਆ। ਜਦਕਿ ਲੋਹਚਾਬਕਾ ਪਿੰਡ ਦੇ ਨੇੜੇ ਇੱਕ ਤਿੰਨ ਮਹੀਨੇ ਦੇ ਬੱਚੇ ਯੁਗਰਾਜ ਨਰਵਾਲ ਦੀ ਮੌਤ ਹੋ ਗਈ। ਉਸ ਦੀ ਮਾਂ ਨੇ ਸੜਕ 'ਤੇ ਜਾ ਰਹੇ ਅਵਾਰਾ ਪਸ਼ੂ ਤੋਂ ਬਚਣ ਲਈ ਆਪਣੀ ਕਾਰ ਨੂੰ ਮੋੜ ਲਿਆ, ਜਿਸ ਕਾਰਨ ਉਹ ਇੱਕ ਖੰਭੇ ਨਾਲ ਟਕਰਾ ਗਈ। ਇਸ ਤੋਂ ਇਲਾਵਾ ਕਲਵਾੜੀ ਮੋੜ 'ਤੇ ਇੱਕ ਅਣਪਛਾਤੇ ਟਰੱਕ ਨੇ 62 ਸਾਲਾ ਸੇਵਾਮੁਕਤ ਫ਼ੌਜੀ ਕਾਬੁਲ ਸਿੰਘ ਨੂੰ ਕੁਚਲ ਦਿੱਤਾ। ਉੱਥੇ ਹੀ ਦਿੱਲੀ-ਜੈਪੁਰ ਹਾਈਵੇਅ 'ਤੇ ਨਾਹਰਪੁਰ ਨੇੜੇ ਟੱਕਰ ਮਾਰ ਕੇ ਭੱਜਣ (ਹਿੱਟ ਐਂਡ ਰਨ ) ਦੇ ਮਾਮਲੇ ਵਿੱਚ 35 ਸਾਲਾ ਬੈਂਕ ਮੁਲਾਜ਼ਮ ਸੰਦੀਪ ਦੀ ਵੀ ਮੌਤ ਹੋ ਗਈ।
ਪ੍ਰਬੰਧਕੀ ਯਤਨਾਂ ਦੇ ਬਾਵਜੂਦ ਗੁਰੂਗ੍ਰਾਮ ਲਗਾਤਾਰ ਹਰਿਆਣਾ ਵਿੱਚ ਸੜਕੀ ਮੌਤਾਂ ਦੇ ਮਾਮਲਿਆਂ 'ਚ ਸਭ ਤੋਂ ਅੱਗੇ ਹੈ। ਪਿਛਲੇ ਕੁਝ ਸਾਲਾਂ ਦੌਰਾਨ ਮੌਤਾਂ ਵਿੱਚ ਲਗਾਤਾਰ ਵਾਧਾ ਹੋਇਆ ਹੈ। ਸਰਕਾਰੀ ਅੰਕੜਿਆਂ ਅਨੁਸਾਰ ਸਾਲ 2023 ਵਿੱਚ ਗੁਰੂਗ੍ਰਾਮ 'ਚ 439, ਸਾਲ 2024 ਵਿੱਚ 472 ਅਤੇ ਸਾਲ 2025 ਵਿੱਚ 475 ਲੋਕਾਂ ਨੇ ਸੜਕ ਹਾਦਸਿਆਂ ਵਿੱਚ ਆਪਣੀ ਜਾਨ ਗਵਾਈ ਹੈ।

