Village Bhagwanpur ਵਿੱਚ ਵਿਸ਼ੇਸ਼ ਸਫ਼ਾਈ ਮੁਹਿੰਮ ਸ਼ੁਰੂ
ਸਵੱਛਤਾ ਪੰਦਰਵਾਡ਼ੇ ਤਹਿਤ ਉਪਰਾਲਾ; ਮਗਨਰੇਗਾ ਵਰਕਰ ਮੁਹਿੰਮ ’ਚ ਪਾ ਰਹੇ ਨੇ ਵਿਸ਼ੇਸ਼ ਯੋਗਦਾਨ
ਪਿੰਡ ਭਗਵਾਨਪੁਰ ਦੀ ਪੰਚਾਇਤ ਵੱਲੋਂ ਪਿੰਡ ਵਿੱਚ ਵਿਸ਼ੇਸ਼ ਸਵੱਛਤਾ ਪੰਦਰਵਾੜੇ ਦੇ ਹਿੱਸੇ ਵਜੋਂ ਵਿਆਪਕ ਸਫ਼ਾਈ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਮੁਹਿੰਮ ਦੇ ਦੂਜੇ ਦਿਨ ਪੰਚਾਇਤੀ ਰਾਜ ਦੇ ਕਾਰਜਕਾਰੀ ਇੰਜਨੀਅਰ ਅਵਨਿੰਦਰ ਸਿੰਘ, ਉਪ ਮੰਡਲ ਇੰਜਨੀਅਰ ਨੀਰਜ ਕਾਂਤ, ਪੰਚਾਇਤ ਸਕੱਤਰ ਵਰਿੰਦਰ ਕੁਮਾਰ, ਸਰਪੰਚ ਲਕਸ਼ਮਣ ਦਾਸ ਅਤੇ ਪੰਚਾਇਤ ਮੈਂਬਰਾਂ ਨੇ ਸਰਗਰਮੀ ਨਾਲ ਹਿੱਸਾ ਲਿਆ। ਇਸ ਮੌਕੇ ਕਾਰਜਕਾਰੀ ਇੰਜਨੀਅਰ ਅਵਨਿੰਦਰ ਸਿੰਘ ਨੇ ਆਖਿਆ ਕਿ ਬਰਸਾਤ ਦੇ ਮੌਸਮ ਵਿੱਚ ਸਫ਼ਾਈ ਦਾ ਮਹੱਤਵ ਹੋਰ ਵੀ ਵਧ ਜਾਂਦਾ ਹੈ। ਜੇ ਇਸ ਸਮੇਂ ਦੌਰਾਨ ਸੁਚੱਜੀ ਸਫ਼ਾਈ ਨਾ ਕੀਤੀ ਜਾਵੇ ਤਾਂ ਪਾਣੀ ਖੜ੍ਹਨ ਅਤੇ ਗੰਦਗੀ ਫੈਲਣ ਕਾਰਨ ਕਈ ਤਰ੍ਹਾਂ ਦੀਆਂ ਗੰਭੀਰ ਬੀਮਾਰੀਆਂ ਦਾ ਖ਼ਤਰਾ ਬਣਿਆ ਰਹਿੰਦਾ ਹੈ। ਇਸੇ ਮੁੱਖ ਉਦੇਸ਼ ਨੂੰ ਧਿਆਨ ਵਿੱਚ ਰੱਖਦਿਆਂ ਇਹ ਮੁਹਿੰਮ ਵਿੱਢੀ ਗਈ ਹੈ ਤਾਂ ਜੋ ਪਿੰਡ ਵਾਸੀਆਂ ਨੂੰ ਸਿਹਤਮੰਦ ਮਾਹੌਲ ਮਿਲ ਸਕੇ ਅਤੇ ਗੰਦਗੀ ਕਾਰਨ ਫੈਲਣ ਵਾਲੀਆਂ ਬੀਮਾਰੀਆਂ ਤੋਂ ਬਚਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਮੁਹਿੰਮ ਦੌਰਾਨ ਪਿੰਡ ਦੀਆਂ ਗਲੀਆਂ, ਨਾਲੀਆਂ, ਆਂਗਨਵਾੜੀ ਕੇਂਦਰਾਂ ਅਤੇ ਹੋਰ ਜਨਤਕ ਥਾਵਾਂ ਦੀ ਪੂਰੀ ਗੰਭੀਰਤਾ ਨਾਲ ਸਫ਼ਾਈ ਕੀਤੀ ਜਾ ਰਹੀ ਹੈ। ਬਰਸਾਤੀ ਪਾਣੀ ਦੇ ਨਿਕਾਸ ਵਿੱਚ ਕੋਈ ਰੁਕਾਵਟ ਨਾ ਆਵੇ, ਇਸ ਲਈ ਨਾਲੀਆਂ ਵਿੱਚ ਜਮ੍ਹਾਂ ਕੂੜੇ ਅਤੇ ਗਾਦ ਨੂੰ ਪੂਰੀ ਤਰ੍ਹਾਂ ਹਟਾਇਆ ਗਿਆ ਹੈ। ਇਹ ਸਫ਼ਾਈ ਅਭਿਆਨ ਅਗਲੇ ਦੋ ਦਿਨਾਂ ਤੱਕ ਨਿਰੰਤਰ ਜਾਰੀ ਰਹੇਗਾ। ਇਸ ਕਾਰਜ ਵਿੱਚ ਮਗਨਰੇਗਾ ਵਰਕਰ ਵੀ ਅਹਿਮ ਯੋਗਦਾਨ ਪਾ ਰਹੇ ਹਨ। ਅਵਨਿੰਦਰ ਸਿੰਘ ਨੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਤੇ ਆਲੇ-ਦੁਆਲੇ ਨੂੰ ਸਾਫ਼-ਸੁਥਰਾ ਰੱਖਣ ਲਈ ਪੰਚਾਇਤ ਦਾ ਪੂਰਾ ਸਹਿਯੋਗ ਕਰਨ। ਸਰਪੰਚ ਲਕਸ਼ਮਣ ਦਾਸ ਨੇ ਆਖਿਆ ਕਿ ਸਾਫ਼-ਸੁਥਰਾ ਵਾਤਾਵਰਨ ਹੀ ਇੱਕ ਸਿਹਤਮੰਦ ਸਮਾਜ ਅਤੇ ਨਿਰੋਏ ਪਿੰਡ ਦੀ ਅਸਲ ਪਛਾਣ ਹੁੰਦਾ ਹੈ। ਪੰਚਾਇਤ ਪਿੰਡ ਦੇ ਸਰਵਪੱਖੀ ਵਿਕਾਸ ਅਤੇ ਸਫ਼ਾਈ ਲਈ ਨਿਰੰਤਰ ਯਤਨਸ਼ੀਲ ਹੈ ਅਤੇ ਭਵਿੱਖ ਵਿੱਚ ਵੀ ਅਜਿਹੀਆਂ ਸਫ਼ਾਈ ਮੁਹਿੰਮਾਂ ਦਾ ਆਯੋਜਨ ਕੀਤਾ ਜਾਂਦਾ ਰਹੇਗਾ। ਇਸ ਮੌਕੇ ਪੰਚਾਇਤ ਦੇ ਹੋਰ ਨੁਮਾਇੰਦੇ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ, ਜਿਨ੍ਹਾਂ ਨੇ ਪੰਚਾਇਤ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ।

