Somnath Swabhiman Utsav: ਸੋਮਨਾਥ ਸਵੈਭਿਮਾਨ ਉਤਸਵ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ
ਮਹਿਲਾਵਾਂ ਨੇ ਕੱਢੀ ਕਲਸ਼ ਯਾਤਰਾ; ਮੰਦਰ ਦੇ ਇਤਿਹਾਸ ਬਾਰੇ ਪ੍ਰਦਰਸ਼ਨੀ ਲਾੲੀ
ਸੋਮਨਾਥ ਸਵੈਭਿਮਾਨ ਉਤਸਵ ਮੌਕੇ ਦੁਰਗਾ ਮੰਦਰ ਕੰਪਲੈਕਸ ਵਿੱਚ ਜ਼ਿਲ੍ਹਾ ਪੱਧਰੀ ਸਮਾਗਮ ਕਰਾਇਆ ਗਿਆ। ਸਮਾਗਮ ਵਿੱਚ ਹਰਿਆਣਾ ਰਾਜ ਸਹਿਕਾਰੀ ਖੇਤੀਬਾੜੀ ਅਤੇ ਗ੍ਰਾਮੀਣ ਵਿਕਾਸ ਬੋਰਡ ਦੇ ਚੇਅਰਮੈਨ ਅਮਰਪਾਲ ਰਾਣਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।
ਮੁੱਖ ਮਹਿਮਾਨ ਅਮਰਪਾਲ ਰਾਣਾ ਨੇ ਕਿਹਾ ਕਿ ਸਾਲ 2026 ਭਾਰਤੀ ਸੰਸਕ੍ਰਿਤੀ ਅਤੇ ਸਵੈਭਿਮਾਨ ਦੇ ਇਤਿਹਾਸ ਵਿੱਚ ਬਹੁਤ ਮਹੱਤਵਪੂਰਨ ਸਾਲ ਹੈ, ਕਿਉਂਕਿ ਇਸ ਸਾਲ ਸੋਮਨਾਥ ਮੰਦਰ ’ਤੇ ਹੋਏ ਪਹਿਲੇ ਹਮਲੇ ਨੂੰ ਇੱਕ ਹਜ਼ਾਰ ਸਾਲ ਅਤੇ ਆਜ਼ਾਦ ਭਾਰਤ ਵਿੱਚ ਮੰਦਰ ਦੇ ਮੁੜ-ਨਿਰਮਾਣ ਅਤੇ ਉਦਘਾਟਨ ਨੂੰ 75 ਸਾਲ ਪੂਰੇ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਸੋਮਨਾਥ ਸਿਰਫ਼ ਮੰਦਰ ਨਹੀਂ, ਸਗੋਂ ਭਾਰਤ ਦੀ ਆਤਮਾ, ਸਨਾਤਨ ਸੰਸਕ੍ਰਿਤੀ ਅਤੇ ਅਟੁੱਟ ਆਸਥਾ ਦਾ ਪ੍ਰਤੀਕ ਹੈ। ਅਮਰਪਾਲ ਰਾਣਾ ਨੇ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਸੋਮਨਾਥ ਮੰਦਰ ਨੂੰ ਕਈ ਵਾਰ ਢਾਹਿਆ ਗਿਆ, ਪਰ ਹਰ ਵਾਰ ਕਰੋੜਾਂ ਸ਼ਰਧਾਲੂਆਂ ਦੀ ਆਸਥਾ, ਤਿਆਗ ਅਤੇ ਸਮਰਪਣ ਨੇ ਇਸ ਨੂੰ ਮੁੜ ਸਥਾਪਤ ਕੀਤਾ। ਰਤੀਆ ਵਿਧਾਨ ਸਭਾ ਖੇਤਰ ਦੇ ਵਿਧਾਇਕ ਜਰਨੈਲ ਸਿੰਘ ਨੇ ਕਿਹਾ ਕਿ ਸੋਮਨਾਥ ਮੰਦਰ ਦਾ ਇਤਿਹਾਸ ਭਾਰਤ ਦੀ ਅਟੁੱਟ ਆਸਥਾ ਅਤੇ ਕੌਮੀ ਦ੍ਰਿੜ੍ਹਤਾ ਦਾ ਜਿਊਂਦੀ-ਜਾਗਦੀ ਮਿਸਾਲ ਹੈ। ਸਾਬਕਾ ਵਿਕਾਸ ਤੇ ਪੰਚਾਇਤ ਮੰਤਰੀ ਦੇਵੇਂਦਰ ਸਿੰਘ ਬਬਲੀ ਨੇ ਕਿਹਾ ਕਿ ਸੋਮਨਾਥ ਮੰਦਰ ਭਾਰਤ ਦੀ ਅਧਿਆਤਮਕ ਤਾਕਤ ਅਤੇ ਸਨਾਤਨ ਸੰਸਕ੍ਰਿਤੀ ਦੀ ਪਛਾਣ ਹੈ। ਭਾਜਪਾ ਜ਼ਿਲ੍ਹਾ ਪ੍ਰਧਾਨ ਪ੍ਰਵੀਨ ਜੌੜਾ ਨੇ ਕਿਹਾ ਕਿ ਸੋਮਨਾਥ ਸਵੈਭਿਮਾਨ ਉਤਸਵ ਭਾਰਤ ਦੀ ਆਸਥਾ, ਸੰਸਕ੍ਰਿਤੀ ਅਤੇ ਕੌਮੀ ਏਕਤਾ ਦਾ ਪ੍ਰਤੀਕਾਤਮਕ ਸਮਾਗਮ ਹੈ।

