ਸਿਰਸਾ: ਖੇਤਾਂ ਵਿੱਚ ਚਾਰਾ ਭਰਦਿਆਂ ਕਰੰਟ ਲੱਗਣ ਨਾਲ ਦੋ ਨੌਜਵਾਨਾਂ ਦੀ ਮੌਤ
ਬਿਜਲੀ ਦੀਆਂ ਤਾਰਾਂ ਦੀ ਲਪੇਟ 'ਚ ਆਏ ਨੌਜਵਾਨ; ਪਰਿਵਾਰ ਵੱਲੋਂ ਬਿਜਲੀ ਵਿਭਾਗ ਖ਼ਿਲਾਫ਼ ਕਾਰਵਾਈ ਤੇ ਮੁਆਵਜ਼ੇ ਦੀ ਮੰਗ
ਸਿਰਸਾ ਦੇ ਪਿੰਡ ਸੰਘਰ ਅਤੇ ਬੁਰਜ ਕਰਮਗੜ੍ਹ ਨੇੜਲੇ ਖੇਤਾਂ ਵਿੱਚ ਅੱਜ ਉਸ ਸਮੇਂ ਮਾਤਮ ਛਾ ਗਿਆ, ਜਦੋਂ ਮੱਕੀ ਦਾ ਚਾਰਾ ਵੱਢ ਕੇ ਟਰਾਲੀ ਵਿੱਚ ਭਰ ਰਹੇ ਦੋ ਨੌਜਵਾਨਾਂ ਦੀ ਕਰੰਟ ਲੱਗਣ ਕਾਰਨ ਦਰਦਨਾਕ ਮੌਤ ਹੋ ਗਈ। ਇਸ ਹਾਦਸੇ ਨੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜਾ ਦਿੱਤੀ ਹੈ। ਮ੍ਰਿਤਕਾਂ ਦੀਆਂ ਦੇਹਾਂ ਪੋਸਟਮਾਰਟਮ ਉਪਰੰਤ ਵਾਰਸਾਂ ਨੂੰ ਸੌਂਪ ਦਿੱਤੀਆਂ ਗਈਆਂ ਹਨ।
ਮਿਲੀ ਜਾਣਕਾਰੀ ਅਨੁਸਾਰ ਪਿੰਡ ਰੋੜੀ ਦੇ ਵਾਸੀ ਦਵਿੰਦਰ ਸਿੰਘ (19) ਅਤੇ ਦਲਜੀਤ ਆਪਣੇ ਖੇਤ ਵਿੱਚੋਂ ਮੱਕੀ ਦਾ ਚਾਰਾ ਵੱਢ ਕੇ ਟਰਾਲੀ ਵਿੱਚ ਭਰ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਜਦੋਂ ਉਹ ਟਰਾਲੀ ਵਿੱਚ ਚਾਰਾ ਸੈੱਟ ਕਰ ਰਹੇ ਸਨ, ਤਾਂ ਉਨ੍ਹਾਂ ਵੱਲੋਂ ਵਰਤੀ ਜਾ ਰਹੀ ਤੰਗਲੀ ਅਚਾਨਕ ਖੇਤ ਦੇ ਉੱਪਰੋਂ ਲੰਘਦੀਆਂ ਬਿਜਲੀ ਦੀਆਂ ਤਾਰਾਂ ਨਾਲ ਜਾ ਟਕਰਾਈ। ਤਾਰਾਂ ਦੇ ਸੰਪਰਕ ਵਿੱਚ ਆਉਣ ਕਾਰਨ ਇੱਕ ਨੌਜਵਾਨ ਨੂੰ ਤੁਰੰਤ ਕਰੰਟ ਲੱਗ ਗਿਆ, ਜਿਸ ਨੂੰ ਬਚਾਉਣ ਲਈ ਜਦੋਂ ਦੂਜੇ ਨੌਜਵਾਨ ਨੇ ਹੱਥ ਪਾਇਆ ਤਾਂ ਉਹ ਵੀ ਬਿਜਲੀ ਦੇ ਤੇਜ਼ ਝਟਕੇ ਦੀ ਲਪੇਟ ਵਿੱਚ ਆ ਗਿਆ। ਇਸ ਹਾਦਸੇ ਕਾਰਨ ਦੋਵਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਪੀੜਤ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਬਿਜਲੀ ਵਿਭਾਗ ’ਤੇ ਗੰਭੀਰ ਲਾਪਰਵਾਹੀ ਦੇ ਦੋਸ਼ ਲਗਾਏ ਹਨ। ਪਰਿਵਾਰ ਦਾ ਕਹਿਣਾ ਹੈ ਕਿ ਬਿਜਲੀ ਦੀਆਂ ਤਾਰਾਂ ਨੀਵੀਆਂ ਹੋਣ ਕਾਰਨ ਇਹ ਹਾਦਸਾ ਵਾਪਰਿਆ ਹੈ। ਪਰਿਵਾਰ ਨੇ ਮੰਗ ਕੀਤੀ ਹੈ ਕਿ ਵਿਭਾਗੀ ਅਧਿਕਾਰੀਆਂ ਦੀ ਲਾਪਰਵਾਹੀ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਸਬੰਧੀ ਪੁਲੀਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ।
ਇਸ ਦੁਖਦਾਈ ਘਟਨਾ ਤੋਂ ਬਾਅਦ ਪਿੰਡ ਵਾਸੀਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਮ੍ਰਿਤਕਾਂ ਦੇ ਪਰਿਵਾਰਾਂ ਦੀ ਆਰਥਿਕ ਹਾਲਤ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਤੁਰੰਤ ਸਰਕਾਰੀ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਪਰਿਵਾਰ ਦਾ ਗੁਜ਼ਾਰਾ ਹੋ ਸਕੇ।
