ਪ੍ਰਭੂ ਦਿਆਲ
ਸਿਰਸਾ, 27 ਅਕਤੂਬਰ
ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਤੇ ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਤੇ ਬਿਜਲੀ ਮੰਤਰੀ ਚੌਧਰੀ ਰਣਜੀਤ ਸਿੰਘ ਦੇ ਅਸਤੀਫ਼ਿਆਂ ਦੀ ਮੰਗ ਲਈ ਕਿਸਾਨਾਂ ਦੀ ਸ਼ਹੀਦ ਭਗਤ ਸਿੰਘ ਸਟੇਡੀਅਮ ਵਿੱਚ ਭੁੱਖ ਹੜਤਾਲ ਅੱਜ ਚੌਥੇ ਦਿਨ ਵੀ ਜਾਰੀ ਰਹੀ। ਕਿਸਾਨਾਂ ਨੇ ਪੰਜਾਬ ਦੇ ਕਿਸਾਨਾਂ ਦੀ ਤਰ੍ਹਾਂ ਟੌਲ ਪਲਾਜ਼ਿਆਂ ’ਤੇ ਧਰਨਾ ਦੇਣ ਤੇ ਮਰਨ ਵਰਤ ਰੱਖਣ ਦੀ ਵੀ ਚਿਤਾਵਨੀ ਦਿੱਤੀ ਹੈ। ਭੁੱਖ ਹੜਤਾਲ ਦੇ ਅੱਜ ਚੌਥੇ ਦਿਨ ਗਿਆਰਾਂ ਕਿਸਾਨਾਂ ਨੇ 24 ਘੰਟਿਆਂ ਦਾ ਵਰਤ ਰੱਖਿਆ ਹੈ। ਕਿਸਾਨਾਂ ਨੇ ਚਿਤਾਵਨੀ ਦਿੱਤੀ ਹੈ ਕਿ ਕੇਂਦਰ ਤੇ ਸੂਬਾ ਸਰਕਾਰ ਕਿਸਾਨਾਂ ਦੇ ਧਰਨਿਆਂ, ਭੁੱਖ ਹੜਤਾਲ ਨੂੰ ਅਣਗੌਲਿਆਂ ਕਰ ਰਹੀ ਹੈ, ਇਸ ਲਈ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਉਹ ਪੰਜਾਬ ਦੇ ਕਿਸਾਨਾਂ ਦੀ ਤਰ੍ਹਾਂ ਭਲਕੇ 28 ਅਕਤੂਬਰ ਤੋਂ ਟੌਲ ਪਲਾਜ਼ੇ ’ਤੇ ਧਰਨਾ ਦੇਣਗੇ ਤੇ ਇਸ ਸੰਘਰਸ਼ ਨੂੰ ਹੋਰ ਟੌਲ ਪਲਾਜ਼ਿਆਂ ਤੱਕ ਲੈ ਕੇ ਜਾਣਗੇ।