Sirsa: ਕਾਰ ਸਵਾਰਾਂ ਨੇ ਨੌਜਵਾਨ ਨੂੰ ਦਰੜ ਕੇ ਉਤਾਰਿਆ ਮੌਤ ਦੇ ਘਾਟ; ਮਾਂ ਤੇ ਭਰਾ ਜ਼ਖ਼ਮੀ
ਸਿਰਸਾ ਦੇ ਪਿੰਡ ਖਾਜਾਖੇੜਾ ਵਿੱਚ ਇੱਕ ਨੌਜਵਾਨ ਨੂੰ ਕਥਿਤ ਤੌਰ ’ਤੇ ਕਾਰ ਨਾਲ ਦਰੜ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਮ੍ਰਿਤਕ ਦੀ ਮਾਂ ਤੇ ਭਰਾ ਵੀ ਜ਼ਖ਼ਮੀ ਹੋਏ ਹਨ। ਮ੍ਰਿਤਕ ਦੀ ਪਛਾਣ ਸੋਨੂੰ ਵਜੋਂ ਹੋਈ ਹੈ।...
ਸਿਰਸਾ ਦੇ ਪਿੰਡ ਖਾਜਾਖੇੜਾ ਵਿੱਚ ਇੱਕ ਨੌਜਵਾਨ ਨੂੰ ਕਥਿਤ ਤੌਰ ’ਤੇ ਕਾਰ ਨਾਲ ਦਰੜ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਮ੍ਰਿਤਕ ਦੀ ਮਾਂ ਤੇ ਭਰਾ ਵੀ ਜ਼ਖ਼ਮੀ ਹੋਏ ਹਨ। ਮ੍ਰਿਤਕ ਦੀ ਪਛਾਣ ਸੋਨੂੰ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਸੋਨੂੰ ਬੀਤੀ ਦੇਰ ਰਾਤ ਆਪਣੇ ਪਰਿਵਾਰ ਨਾਲ ਆਪਣੇ ਘਰ ਦੇ ਬਾਹਰ ਬੈਠਾ ਸੀ ਤਾਂ ਇੱਕ ਕਾਰ ਵਿੱਚ ਸਵਾਰ ਕੁਝ ਲੋਕਾਂ ਨੇ ਕਾਰ ਉਨ੍ਹਾਂ ਉੱਤੇ ਚੜ੍ਹਾ ਦਿੱਤੀ, ਜਿਸ ਨਾਲ 30 ਸਾਲਾ ਸੋਨੂੰ ਦੀ ਮੌਤ ਹੋ ਗਈ ਅਤੇ ਉਸ ਦਾ ਭਰਾ ਅਤੇ ਮਾਂ ਜ਼ਖਮੀ ਹੋ ਗਏ।
ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ ਅਤੇ ਨਾ ਹੀ ਉਹ ਕਾਰ ਸਵਾਰਾਂ ਨੂੰ ਜਾਣਦੇ ਹਨ। ਫਿਲਹਾਲ ਪੁਲੀਸ ਨੇ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਹੈ। ਉਨ੍ਹਾਂ ਦੇ ਗੁਆਂਢੀ ਸਾਗਰ ਦੀ ਸ਼ਿਕਾਇਤ ਦੇ ਆਧਾਰ ’ਤੇ ਪੁਲੀਸ ਨੇ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲੀਸ ਨੇ ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰਨ ਦਾ ਦਾਅਵਾ ਕਰ ਰਹੇ ਹਨ। ਪਰਿਵਾਰ ਨੇ ਪੁਲੀਸ ਪ੍ਰਸ਼ਾਸਨ ਤੋਂ ਇਨਸਾਫ਼ ਦੀ ਮੰਗ ਕੀਤੀ ਹੈ। ਸਦਰ ਥਾਣੇ ਦੇ ਇੰਚਾਰਜ ਰਾਜਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਨੂੰ ਕੱਲ੍ਹ ਦੇਰ ਰਾਤ ਸੂਚਨਾ ਮਿਲੀ ਕਿ ਖਾਜਾਖੇੜਾ ਵਿੱਚ ਇੱਕ ਨੌਜਵਾਨ ਨੂੰ ਕਾਰ ਨੇ ਦਰੜ ਕੇ ਮਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸੋਨੂੰ ਨਾਂ ਦੇ ਨੌਜਵਾਨ ਨੂੰ 3-4 ਕਾਰ ਸਵਾਰਾਂ ਨੇ ਜਾਣਬੁੱਝ ਕੇ ਕਾਰ ਨਾਲ ਦਰੜ ਕੇ ਮਾਰ ਦਿੱਤਾ ਹੈ। ਸਾਗਰ ਨਾਂ ਦੇ ਨੌਜਵਾਨ ਦੀ ਸ਼ਿਕਾਇਤ ’ਤੇ ਮਾਮਲਾ ਦਰਜ ਕੀਤਾ ਗਿਆ ਹੈ। ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਉਸ ਦੇ ਪਰਿਵਾਰ ਨੂੰ ਸੌਂਪ ਦਿੱਤੀ ਗਈ ਹੈ ਅਤੇ ਮੁਲਜ਼ਮਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਰਾਜੇਂਦਰ ਸਿੰਘ ਨੇ ਦੱਸਿਆ ਕਿ ਕੁਝ ਨੌਜਵਾਨਾਂ ਦੀ ਮ੍ਰਿਤਕ ਦੇ ਗੁਆਂਢੀ ਸਾਗਰ ਨਾਲ ਪੁਰਾਣੀ ਰੰਜਿਸ਼ ਸੀ ਅਤੇ ਕੱਲ੍ਹ ਸ਼ਾਮ ਉਨ੍ਹਾਂ ਦਾ ਕੁਝ ਝਗੜਾ ਵੀ ਹੋਇਆ ਸੀ। ਉਨ੍ਹਾਂ ਕਿਹਾ ਕਿ ਮੁਲਜ਼ਮ ਅਸਲ ਵਿੱਚ ਸਾਗਰ ਨਾਮ ਦੇ ਨੌਜਵਾਨ ਨੂੰ ਮਾਰਨ ਲਈ ਆਏ ਸਨ ਪਰ ਹਨੇਰੇ ਕਾਰਨ ਇਹ ਸਾਰੀ ਘਟਨਾ ਵਾਪਰੀ। ਸਾਰੇ ਮੁਲਜ਼ਮ ਸਿਰਸਾ ਦੇ ਰਹਿਣ ਵਾਲੇ ਹਨ ਅਤੇ ਜਲਦੀ ਹੀ ਗ੍ਰਿਫ਼ਤਾਰ ਕਰ ਲਏ ਜਾਣਗੇ।

