Dabwali ’ਚ ਝੋਨਾ ਖਰੀਦ ’ਤੇ ਸ਼ੈਲਰ ਮਾਲਕਾਂ ਦਾ ਸਖ਼ਤ ਫ਼ੈਸਲਾ
ਖਰੀਦ ਨਿਯਮਾਂ ਦੀ ਉਲੰਘਣਾ ਕਰਨ ’ਤੇ ਇੱਕ ਲੱਖ ਰੁਪਏ ਹੋਵੇਗਾ ਜੁਰਮਾਨਾ; ਝੋਨਾ ਫਸਲ ਦੀ ਬਰਾਬਰ ਹੋਵੇਗੀ ਵੰਡ, ਖ਼ਰੀਦ ਏਜੰਸੀ ਇੰਸਪੈਕਟਰਾਂ ਦੀ ਹੋਵੇਗੀ ਜ਼ਿੰਮੇਵਾਰੀ; ਨੋਹਰਿਆਂ ਦੀ ਮਨਜ਼ੂਰੀ ਨਾ ਮਿਲਣ ਕਾਰਨ ਵਧੀਆਂ ਮੁਸ਼ਕਿਲਾਂ
ਝੋਨੇ ਦੀ ਖ਼ਰੀਦ ਦੌਰਾਨ ਦਾਣਾ ਮੰਡੀ ਵਿੱਚ ਜਗ੍ਹਾ ਦੀ ਘਾਟ ਅਤੇ ਸ਼ੈਲਰਾਂ ਦੀ ਵਧਦੀ ਗਿਣਤੀ ਕਾਰਨ ਸ਼ੈਲਰ ਮਾਲਕਾਂ ਨੇ ਸਖ਼ਤ ਫ਼ੈਸਲਾ ਲਿਆ ਹੈ। ਸ਼ੈਲਰ ਐਸੋਸੀਏਸ਼ਨ ਡੱਬਵਾਲੀ ਦੀ ਅੱਜ ਹੰਗਾਮੀ ਮੀਟਿੰਗ ਵਿੱਚ ਤੈਅ ਕੀਤਾ ਗਿਆ ਕਿ ਕੋਈ ਵੀ ਸ਼ੈਲਰ ਮਾਲਕ ਮੰਡੀ ਜਾਂ ਖ਼ਰੀਦ ਕੇਂਦਰ ਨਹੀਂ ਜਾਵੇਗਾ।
ਸਰਕਾਰੀ ਖ਼ਰੀਦ ਏਜੰਸੀਆਂ ਦੇ ਇੰਸਪੈਕਟਰ ਝੋਨੇ ਦੀ ਬਰਾਬਰ ਵੰਡ ਕਰਕੇ ਸਿੱਧਾ ਸ਼ੈਲਰਾਂ ਵਿੱਚ ਭੇਜਣਗੇ। ਨਿਯਮਾਂ ਦੀ ਉਲੰਘਣਾ ਕਰਨ ਵਾਲੇ ਸ਼ੈਲਰ ਮਾਲਕ ਨੂੰ ਇੱਕ ਲੱਖ ਰੁਪਏ ਜੁਰਮਾਨਾ ਕੀਤਾ ਜਾਵੇਗਾ। ਫ਼ੈਸਲੇ ਦੀ ਨਿਗਰਾਨੀ ਲਈ ਸੱਤ ਮੈਂਬਰੀ ਕਮੇਟੀ ਬਣਾਈ ਗਈ ਹੈ। ਡੱਬਵਾਲੀ ਖੇਤਰ ਵਿਚ ਹੁਣ ਕਰੀਬ 31 ਸ਼ੈਲਰ ਹਨ। ਸ਼ੈਲਰ ਮਾਲਕਾਂ ਦੀ ਮੁੱਖ ਸਮੱਸਿਆ ਮੰਡੀਆਂ ਵਿਚ ਝੋਨਾ ਰੱਖਣ ਵਾਸਤੇ ਲੋੜੀਂਦੀ ਜਗ੍ਹਾ ਦੀ ਘਾਟ ਹੈ। ਨਿੱਜੀ ਨੋਹਰਿਆਂ ਨੂੰ ਸਬ-ਯਾਰਡ ਵਜੋਂ ਮਨਜ਼ੂਰੀ ਨਾ ਮਿਲਣ ਕਾਰਨ ਵੀ ਮੁਸ਼ਕਲਾਂ ਵਧੀਆਂ ਹਨ।
ਡੱਬਵਾਲੀ ਵਿੱਚ ਕਰੀਬ ਸੱਤ ਅਤੇ ਅਬੂਬਸ਼ਹਿਰ ਵਿੱਚ 11 ਨੋਹਰਿਆਂ ਨੂੰ ਮਨਜ਼ੂਰੀ ਦੇਣ ਦੀ ਮੰਗ ਕੀਤੀ ਗਈ ਹੈ।
ਇਸ ਫ਼ੈਸਲੇ ਪਿੱਛੇ ਝੋਨਾ ਰੱਖਣ ਲਈ ਨਿੱਜੀ ਨੋਹਰਿਆਂ ਨੂੰ ਸਬ-ਯਾਰਡ ਵਜੋਂ ਮਨਜ਼ੂਰੀ ਨਾ ਮਿਲਣ ਦੀ ਮੁੱਖ ਸਮੱਸਿਆ ਹੈ। ਡੱਬਵਾਲੀ ‘ਚ ਕਰੀਬ ਸੱਤ ਤੇ ਅਬੂਬਸ਼ਹਿਰ ‘ਚ 11 ਨੋਹਰਿਆਂ ਨੂੰ ਮਨਜ਼ੂਰੀ ਦੀ ਮੰਗ ਕੀਤੀ ਗਈ ਹੈ।
ਨਵੀਂ ਦਾਣਾ ਮੰਡੀ ਦੇ ਬੀ-ਬਲਾਕ ਵਿੱਚ ਸ਼ੈਲਰ ਐਸੋਸੀਏਸ਼ਨ ਦੇ ਪ੍ਰਧਾਨ ਅਰਿਹੰਤ ਜੈਨ ਦੀ ਅਗਵਾਈ ਹੇਠ ਹੋਈ ਮੀਟਿੰਗ ਵਿੱਚ ਕਰੀਬ 31 ਸ਼ੈਲਰ ਮਾਲਕਾਂ ਨੇ ਮੰਡੀ ਵਿੱਚ ਜਗ੍ਹਾ ਦੀ ਘਾਟ ਅਤੇ ਝੋਨੇ ਦੀ ਗੁਣਵੱਤਾ ਨੂੰ ਲੈ ਕੇ ਆ ਰਹੀਆਂ ਮੁਸ਼ਕਲਾਂ ’ਤੇ ਚਰਚਾ ਕੀਤੀ। ਸ਼ੈਲਰ ਮਾਲਕਾਂ ਦਾ ਕਹਿਣਾ ਹੈ ਕਿ ਝੋਨਾ ਲੰਬੇ ਸਮੇਂ ਤੱਕ ਮੰਡੀ ਵਿੱਚ ਪਿਆ ਰਹਿਣ ਕਾਰਨ ਗਰਮੀ ਦਾ ਸ਼ਿਕਾਰ ਹੋ ਜਾਂਦਾ ਹੈ। ਇਸ ਨਾਲ ਝੋਨੇ ਦੀ ਗੁਣਵੱਤਾ ਪ੍ਰਭਾਵਿਤ ਹੁੰਦੀ ਹੈ ਅਤੇ ਟੁੱਟ ਵਧਣ ਕਾਰਨ ਸ਼ੈਲਰਾਂ ਨੂੰ ਭਾਰੀ ਆਰਥਿਕ ਨੁਕਸਾਨ ਝੱਲਣਾ ਪੈਂਦਾ ਹੈ।
ਮੀਟਿੰਗ ਵਿੱਚ ਤੈਅ ਕੀਤਾ ਗਿਆ ਕਿ ਸਰਕਾਰੀ ਖ਼ਰੀਦ ਏਜੰਸੀਆਂ ਦੇ ਇੰਸਪੈਕਟਰ ਆੜ੍ਹਤੀਆਂ ਦੀਆਂ ਢੇਰੀਆਂ ਵਿੱਚੋਂ ਝੋਨਾ ਖ਼ਰੀਦ ਕੇ ਸ਼ੈਲਰਾਂ ਵਿੱਚ ਬਰਾਬਰ ਵੰਡਣਗੇ। ਸ਼ੈਲਰ ਸੰਚਾਲਕ ਆਪਣੇ ਮਿੱਲ ਗੇਟ ’ਤੇ ਪਹੁੰਚੇ ਝੋਨੇ ਦੀ ਗੁਣਵੱਤਾ ਦੀ ਜਾਂਚ ਕਰਨਗੇ। ਜੇਕਰ ਕੋਈ ਏਜੰਸੀ ਤੈਅ ਨਿਯਮਾਂ ਦੇ ਉਲਟ ਜਾਂ ਆਪਣੀ ਮਨਮਰਜ਼ੀ ਨਾਲ ਕਿਸੇ ਸ਼ੈਲਰ ਵਿੱਚ ਝੋਨਾ ਭੇਜਦੀ ਹੈ ਤਾਂ ਮਿਲਿੰਗ ਕਮੇਟੀ ਦੇ ਚੇਅਰਮੈਨ, ਏਜੰਸੀ ਦੇ ਜ਼ਿਲ੍ਹਾ ਮੈਨੇਜਰ ਅਤੇ ਮੁੱਖ ਮੰਤਰੀ ਤੱਕ ਸ਼ਿਕਾਇਤ ਕੀਤੀ ਜਾਵੇਗੀ।
ਅਰਿਹੰਤ ਜੈਨ ਨੇ ਸਪੱਸ਼ਟ ਕੀਤਾ ਕਿ ਜਿਹੜੇ ਸ਼ੈਲਰ ਮਾਲਕ ਆੜ੍ਹਤੀਏ ਵੀ ਹਨ, ਉਹ ਸਿਰਫ਼ ਆਪਣੀ ਦੁਕਾਨ ਦੀ ਝੋਨੇ ਦੀ ਢੇਰੀ ਦੀ ਹੀ ਸੰਭਾਲ ਕਰਨਗੇ ਅਤੇ ਦੂਜੇ ਆੜ੍ਹਤੀਆਂ ਦੇ ਮਾਲ ਵਿੱਚ ਦਖ਼ਲ ਨਹੀਂ ਦੇਣਗੇ। ਨਿਯਮਾਂ ਦੀ ਉਲੰਘਣਾ ਕਰਨ ਵਾਲੇ ਨੂੰ ਇੱਕ ਲੱਖ ਰੁਪਏ ਜੁਰਮਾਨਾ ਭਰਨਾ ਪਵੇਗਾ।
ਸਿਰਫ਼ ਦੋ ਨੋਹਰਿਆਂ ਨੂੰ ਮਿਲੀ ਮਨਜ਼ੂਰੀ: ਸਕੱਤਰ
ਮਾਰਕੀਟ ਕਮੇਟੀ ਡੱਬਵਾਲੀ ਦੇ ਸਕੱਤਰ ਰਿਸ਼ੀ ਰਾਜ ਯਾਦਵ ਨੇ ਦੱਸਿਆ ਕਿ ਅਬੂਬਸ਼ਹਿਰ ਵਿੱਚ ਸਿਰਫ਼ ਦੋ ਨੋਹਰਿਆਂ ਨੂੰ ਹੀ ਮਨਜ਼ੂਰੀ ਮਿਲੀ ਹੈ, ਜਦਕਿ ਬਾਕੀਆਂ ਦੀ ਮੰਗ ਸਰਕਾਰ ਕੋਲ ਵਿਚਾਰ ਅਧੀਨ ਹੈ। ਮਨਜ਼ੂਰੀ ਮਿਲਣ ਤੱਕ ਮੁੱਖ ਅਨਾਜ ਮੰਡੀ ਦੇ ਗੇਟ ਕੋਲੋਂ ਹੀ ਝੋਨੇ ਦੀਆਂ ਢੇਰੀਆਂ ਕੱਟੀਆਂ ਜਾਣਗੀਆਂ। ਬਿਨਾਂ ਮਨਜ਼ੂਰੀ ਵਾਲੇ ਨੋਹਰਿਆਂ ਵਿੱਚ ਝੋਨੇ ਦੀ ਖ਼ਰੀਦ ਨਹੀਂ ਹੋਣ ਦਿੱਤੀ ਜਾਵੇਗੀ।

