ਕਲਾ ਨੂੰ ਜਨੂੰਨ ਤੋਂ ਪੇਸ਼ੇ ’ਚ ਬਦਲਣ ਦੇ ਨੁਕਤੇ ਸਾਂਝੇ ਕੀਤੇ
ਕੈਨੇਡਾ ਤੋਂ ਆਏ ਡਿਜੀਟਲ ਕਲਾਕਾਰ ਨੇ ਵਿਦਿਆਰਥਣਾਂ ਦਾ ਮਾਰਗਦਰਸ਼ਨ ਕੀਤਾ
ਆਰੀਆ ਕੰਨਿਆ ਕਾਲਜ ਦੇ ਫਾਈਨ ਆਰਟਸ ਵਿਭਾਗ ਨੇ ਪ੍ਰਿੰਸੀਪਲ ਡਾ. ਆਰਤੀ ਤਰੇਹਨ ਦੀ ਅਗਵਾਈ ਹੇਠ ‘ਜਨੂੰਨ ਤੋਂ ਪੇਸ਼ੇ ਤਕ: ਕਲਾ ਨੂੰ ਕਰੀਅਰ ਵਿੱਚ ਕਿਵੇਂ ਬਦਲਿਆ ਜਾਏ’ ਸਿਰਲੇਖ ਹੇਠ ਭਾਸ਼ਣ ਕਰਵਾਇਆ। ਇਸ ਸਮਾਗਮ ਵਿੱਚ ਕੈਨੇਡਾ ਤੋਂ ਆਏ ਡਿਜੀਟਲ ਕਲਾਕਾਰ ਕਿਰਨ ਖੇਵਰੀਆ ਮੁੱਖ ਬੁਲਾਰੇ ਵਜੋਂ ਸ਼ਾਮਲ ਹੋਏ। ਪ੍ਰੋਗਰਾਮ ਦਾ ਮੁੱਖ ਉਦੇਸ਼ ਵਿਦਿਆਰਥਣਾਂ ਦੀਆਂ ਕਲਾਤਮਕ ਪ੍ਰਤਿਭਾਵਾਂ ਦੀ ਪਛਾਣ ਕਰ ਕੇ ਉਨ੍ਹਾਂ ਦਾ ਸਫ਼ਲ ਪੇਸ਼ੇਵਰ ਕਰੀਅਰ ਬਣਾਉਣ ਵਿੱਚ ਮਦਦ ਕਰਨਾ ਸੀ।
ਕਿਰਨ ਖੇਵਰੀਆ ਨੇ ਆਪਣੇ ਸੰਬੋਧਨ ਵਿੱਚ ਜਨੂੰਨ ਨੂੰ ਪੇਸ਼ੇ ਵਿੱਚ ਬਦਲਣ ਸਬੰਧੀ ਨਿੱਜੀ ਤਜਰਬੇ ਸਾਂਝੇ ਕੀਤੇ। ਉਨ੍ਹਾਂ ਦੱਸਿਆ ਕਿ ਮੌਜੂਦਾ ਸਮੇਂ ਗ੍ਰਾਫਿਕ ਡਿਜ਼ਾਇਨਿੰਗ ਅਤੇ ਡਿਜੀਟਲ ਕਲਾ ਦਾ ਖੇਤਰ ਤੇਜ਼ੀ ਨਾਲ ਪ੍ਰਚੱਲਿਤ ਹੋ ਰਿਹਾ ਹੈ। ਵਿਦਿਆਰਥਣਾਂ ਇਸ ਨੂੰ ਇੱਕ ਕਰੀਅਰ ਵਿਕਲਪ ਵਜੋਂ ਚੁਣ ਕੇ ਵਿਭਿੰਨ ਖੇਤਰਾਂ ਵਿੱਚ ਆਪਣਾ ਭਵਿੱਖ ਸੰਵਾਰ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਕਲਾ ਸਿਰਫ਼ ਮਨੋਰੰਜਨ ਨਹੀਂ, ਸਗੋਂ ਮਿਹਨਤ ਅਤੇ ਨਵੀਂ ਸੋਚ ਨਾਲ ਇੱਕ ਸਫ਼ਲ ਕਾਰੋਬਾਰ ਵੀ ਬਣ ਸਕਦੀ ਹੈ।
ਕਾਲਜ ਪ੍ਰਿੰਸੀਪਲ ਡਾ. ਆਰਤੀ ਤਰੇਹਨ ਨੇ ਵਿਦਿਆਰਥਣਾਂ ਨੂੰ ਆਪਣੇ ਕਲਾਤਮਕ ਸੁਪਨਿਆਂ ਦੀ ਪੂਰਤੀ ਲਈ ਸਮਰਪਣ ਅਤੇ ਲਗਨ ਨਾਲ ਅੱਗੇ ਵਧਣ ਵਾਸਤੇ ਉਤਸ਼ਾਹਿਤ ਕੀਤਾ। ਉਨ੍ਹਾਂ ਅਜਿਹੇ ਸਮਾਗਮਾਂ ਦੀ ਮਹੱਤਤਾ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਵਿਦਿਆਰਥਣਾਂ ਦੇ ਮਾਰਗਦਰਸ਼ਨ ਲਈ ਮਾਹਿਰਾਂ ਦੇ ਵਿਚਾਰ ਬਹੁਤ ਜ਼ਰੂਰੀ ਹਨ। ਇਸ ਦੌਰਾਨ ਫਾਈਨ ਆਰਟਸ ਵਿਭਾਗ ਦੇ ਸਹਾਇਕ ਪ੍ਰੋਫੈਸਰ ਮਹੇਸ਼ ਧੀਮਾਨ ਅਤੇ ਸਹਾਇਕ ਪ੍ਰੋਫੈਸਰ ਅੰਜਲੀ ਕਬੀਰ ਨੇ ਵੀ ਸਮਾਗਮ ਦੀ ਸਫ਼ਲਤਾ ਵਿੱਚ ਵਿਸ਼ੇਸ਼ ਯੋਗਦਾਨ ਪਾਇਆ। ਵਿਦਿਆਰਥਣਾਂ ਨੇ ਵੀ ਇਸ ਭਾਸ਼ਣ ਵਿੱਚ ਪੂਰੀ ਦਿਲਚਸਪੀ ਦਿਖਾਈ ਅਤੇ ਕਲਾ ਦੇ ਖੇਤਰ ਵਿੱਚ ਰੁਜ਼ਗਾਰ ਸਬੰਧੀ ਆਪਣੇ ਸਵਾਲਾਂ ਦੇ ਜਵਾਬ ਹਾਸਲ ਕੀਤੇ।

