School Bus Accident : Morni ਵਿੱਚ ਬ੍ਰੇਕ ਫੇਲ ਹੋਣ ਕਾਰਨ ਬੱਸ ਪਹਾੜੀ ਨਾਲ ਟਕਰਾਈ ; 20 ਬੱਚੇ ਜ਼ਖਮੀ
ਮਹਿੰਦਰਗੜ੍ਹ ਅਤੇ ਨਾਰਨੌਲ ਤੋਂ 50 ਬੱਚੇ ਐਡਵੈਂਚਰ ਗਤੀਵਿਧੀਆਂ ਲਈ ਆਏ ਸਾਨ ਮੋਰਨੀ
School Bus Accident : ਪੰਚਕੂਲਾ ਦੇ ਸੈਰ-ਸਪਾਟਾ ਸਥਾਨ ਮੋਰਨੀ ਦੀਆਂ ਪਹਾੜੀਆਂ ਵਿੱਚ ਐਤਵਾਰ ਨੂੰ ਸਵੇਰੇ ਉਦੋਂ ਇੱਕ ਵੱਡਾ ਹਾਦਸਾ ਹੁੰਦੇ-ਹੁੰਦੇ ਟਲ ਗਿਆ, ਜਦੋਂ ਸਕੂਲੀ ਬੱਚਿਆਂ ਨਾਲ ਭਰੀ ਬੱਸ ਬ੍ਰੇਕ ਫੇਲ ਹੋਣ ਕਾਰਨ ਬੇਕਾਬੂ ਹੋ ਗਈ।
ਹਰਿਆਣਾ ਦੇ ਮਹਿੰਦਰਗੜ੍ਹ ਅਤੇ ਨਾਰਨੌਲ ਤੋਂ ਕਰੀਬ 50 ਬੱਚੇ ਐਡਵੈਂਚਰ ਗਤੀਵਿਧੀਆਂ ਲਈ ਮੋਰਨੀ ਆਏ ਸਨ ਅਤੇ ਜਦੋਂ ਉਹ ਸਵੇਰੇ ਪਿੰਜੌਰ ਪਰਤ ਰਹੇ ਸਨ ਤਾਂ ਇਸ ਦੌਰਾਨ ਰਸਤੇ ਵਿੱਚ ਬੱਸ ਦੀਆਂ ਬ੍ਰੇਕਾਂ ਫੇਲ ਹੋ ਗਈਆਂ।
ਸਥਿਤੀ ਨੂੰ ਭਾਂਪਦੇ ਹੋਏ ਡਰਾਈਵਰ ਨਰਿੰਦਰ ਪਾਲ ਨੇ ਸੂਝਬੂਝ ਦਿਖਾਉਂਦਿਆਂ ਬੱਸ ਨੂੰ ਖਾਈ ਵੱਲ ਜਾਣ ਤੋਂ ਬਚਾਇਆ ਅਤੇ ਪਹਾੜੀ ਵੱਲ ਮੋੜ ਦਿੱਤਾ, ਜਿਸ ਨਾਲ ਬੱਸ ਦੀ ਰਫ਼ਤਾਰ ਘੱਟ ਗਈ ਅਤੇ ਉਹ ਪਹਾੜੀ ਨਾਲ ਟਕਰਾ ਕੇ ਰੁਕ ਗਈ।
ਹਾਦਸੇ ਤੋਂ ਪਹਿਲਾਂ ਹੀ ਡਰਾਈਵਰ ਨੇ ਬੱਚਿਆਂ ਨੂੰ ਸਾਵਧਾਨ ਕਰ ਦਿੱਤਾ ਸੀ ਅਤੇ ਉਨ੍ਹਾਂ ਨੂੰ ਸੀਟ ਜਾਂ ਖਿੜਕੀ ਨੂੰ ਮਜ਼ਬੂਤੀ ਨਾਲ ਫੜਨ ਲਈ ਕਿਹਾ ਸੀ। ਇਸ ਸਮਝਦਾਰੀ ਦੇ ਚੱਲਦਿਆਂ ਵੱਡਾ ਹਾਦਸਾ ਟਲ ਗਿਆ।
ਇਸ ਘਟਨਾ ਵਿੱਚ ਕਰੀਬ 20 ਬੱਚਿਆਂ ਨੂੰ ਮਾਮੂਲੀ ਸੱਟਾਂ ਆਈਆਂ ਹਨ। ਸਾਰੇ ਜ਼ਖਮੀਆਂ ਨੂੰ ਤੁਰੰਤ ਦੂਜੀ ਬੱਸ ਰਾਹੀਂ ਪੰਚਕੂਲਾ ਦੇ ਸੈਕਟਰ-6 ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਜਾਰੀ ਹੈ। ਡਾਕਟਰਾਂ ਅਨੁਸਾਰ ਸਾਰੇ ਬੱਚੇ ਸੁਰੱਖਿਅਤ ਹਨ ਅਤੇ ਉਨ੍ਹਾਂ ਦੀ ਹਾਲਤ ਸਥਿਰ ਹੈ।

