Sanitation Workers Strike Ends : 37 ਦਿਨਾਂ ਬਾਅਦ ਕੰਮ ’ਤੇ ਪਰਤੇ ਸਫ਼ਾਈ ਸੇਵਕ; 16 ਮੰਗਾਂ ’ਤੇ ਬਣੀ ਸਹਿਮਤੀ
ਮੁੱਖ ਮੰਤਰੀ ਸੈਣੀ ਨਾਲ ਬੈਠਕ ਤੋਂ ਬਾਅਦ ਹੜਤਾਲ ਖ਼ਤਮ
ਲਗਾਤਾਰ 37 ਦਿਨਾਂ ਦੀ ਲੰਮੀ ਹੜਤਾਲ ਤੋਂ ਬਾਅਦ ਹਰਿਆਣਾ ਭਰ ਦੇ ਸਫ਼ਾਈ ਸੇਵਕਾਂ ਨੇ ਸ਼ਨੀਵਾਰ ਨੂੰ ਆਖਰਕਾਰ ਆਪਣੀ ਡਿਊਟੀ ਸੰਭਾਲ ਲਈ ਹੈ। ਸ਼ੁੱਕਰਵਾਰ ਦੇਰ ਸ਼ਾਮ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ ਹੋਈ ਸੁਖਾਵੇਂ ਮਾਹੌਲ ਦੀ ਬੈਠਕ ਦੌਰਾਨ ਸਫ਼ਾਈ ਕਰਮਚਾਰੀਆਂ ਦੀਆਂ 16 ਪ੍ਰਮੁੱਖ ਮੰਗਾਂ ’ਤੇ ਸਹਿਮਤੀ ਬਣਨ ਤੋਂ ਬਾਅਦ ਇਹ ਹੜਤਾਲ ਵਾਪਸ ਲੈਣ ਦਾ ਐਲਾਨ ਕੀਤਾ ਗਿਆ।
ਲੰਮੀ ਹੜਤਾਲ ਕਾਰਨ ਜ਼ਿਲ੍ਹੇ ਭਰ ਵਿੱਚ ਸਫ਼ਾਈ ਵਿਵਸਥਾ ਬੁਰੇ ਤਰੀਕੇ ਨਾਲ ਪ੍ਰਭਾਵਿਤ ਹੋਈ ਸੀ ਅਤੇ ਥਾਂ-ਥਾਂ ਕੂੜੇ ਦੇ ਢੇਰ ਲੱਗ ਗਏ ਸਨ, ਜਿਸ ਨਾਲ ਬੀਮਾਰੀਆਂ ਫੈਲਣ ਦਾ ਖ਼ਤਰਾ ਵੀ ਵਧ ਗਿਆ ਸੀ। ਪ੍ਰਦਰਸ਼ਨ ਦੌਰਾਨ ਕਈ ਥਾਵਾਂ ’ਤੇ ਸਫ਼ਾਈ ਕਰਮਚਾਰੀਆਂ ਅਤੇ ਪੁਲੀਸ ਵਿਚਕਾਰ ਤਣਾਅ ਵਾਲੀ ਸਥਿਤੀ ਵੀ ਬਣੀ ਸੀ, ਜਦੋਂ ਪ੍ਰਸ਼ਾਸਨ ਨੇ ਪੁਲੀਸ ਦੀ ਮਦਦ ਨਾਲ ਕੂੜਾ ਚੁੱਕਵਾਉਣ ਦੀ ਕੋਸ਼ਿਸ਼ ਕੀਤੀ ਸੀ। ਜ਼ਿਕਰਯੋਗ ਹੈ ਕਿ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਸਮੇਤ ਹੋਰ ਮੰਗਾਂ ਨੂੰ ਲੈ ਕੇ ਸਫ਼ਾਈ ਕਰਮਚਾਰੀ 6 ਅਗਸਤ ਤੋਂ ਹੜਤਾਲ ’ਤੇ ਸਨ।
ਸਰਕਾਰ ਨਾਲ ਸਮਝੌਤਾ ਹੋਣ ਤੋਂ ਬਾਅਦ ਕਰਨਾਲ ਸਮੇਤ ਪੂਰੇ ਸੂਬੇ ਵਿੱਚ ਸਫ਼ਾਈ ਕਰਮਚਾਰੀ ਸੜਕਾਂ ’ਤੇ ਉਤਰੇ ਅਤੇ ਸ਼ਹਿਰਾਂ ਨੂੰ ਸਾਫ਼ ਕਰਨ ਦੇ ਕੰਮ ਵਿੱਚ ਜੁੱਟ ਗਏ। ਕਰਮਚਾਰੀਆਂ ਨੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਉਹ ਸ਼ਹਿਰ ਨੂੰ ਮੁੜ ਪਹਿਲਾਂ ਵਾਂਗ ਸਾਫ਼-ਸੁਥਰਾ ਬਣਾਉਣ ਲਈ ਦਿਨ-ਰਾਤ ਕੰਮ ਕਰਨਗੇ।
ਇੱਕ ਸਫ਼ਾਈ ਕਰਮਚਾਰੀ ਇੰਦੂ ਨੇ ਦੱਸਿਆ ਕਿ ਜੇਕਰ ਸਰਕਾਰ ਮੰਗਾਂ ਪਹਿਲਾਂ ਮੰਨ ਲੈਂਦੀ ਤਾਂ ਸੂਬੇ ਵਿੱਚ ਅਜਿਹੇ ਮਾੜੇ ਹਾਲਾਤ ਨਾ ਬਣਦੇ। ਇੱਕ ਹੋਰ ਕਰਮਚਾਰੀ ਰਾਣੀ ਨੇ ਦੱਸਿਆ ਕਿ ਸਮਝੌਤੇ ਤਹਿਤ ਹੁਣ ਸਫ਼ਾਈ ਕਰਮਚਾਰੀਆਂ ਨੂੰ ਵਰਦੀ ਲਈ ਇੱਕਮੁਸ਼ਤ ਰਕਮ ਦੀ ਥਾਂ 440 ਰੁਪਏ ਮਹੀਨਾਵਾਰ ਭੱਤਾ ਮਿਲੇਗਾ ਅਤੇ ਹੋਰ ਮੁੱਖ ਮੰਗਾਂ ਵੀ ਪ੍ਰਵਾਨ ਕਰ ਲਈਆਂ ਗਈਆਂ ਹਨ।

