ਕੂੜਾ ਚੁੱਕਣ ਦਾ ਵਿਰੋਧ ਕਰਨ ’ਤੇ ਸਫ਼ਾਈ ਮੁਲਾਜ਼ਮ ਹਿਰਾਸਤ ’ਚ ਲਏ
ਨਗਰ ਨਿਗਮ ਵੱਲੋਂ ਮਾਡਲ ਟਾਊਨ ਖੇਤਰ ’ਚੋਂ ਕੂੜਾ ਚੁੱਕਣ ਦਾ ਵਿਰੋਧ ਕਰਨ ’ਤੇ ਅੱਜ ਪੁਲੀਸ ਨੇ ਸਫ਼ਾਈ ਮੁਲਾਜ਼ਮਾਂ ਨੂੰ ਹਿਰਾਸਤ ਵਿੱਚ ਲੈ ਲਿਆ। ਜਾਣਕਾਰੀ ਅਨੁਸਾਰ ਅੱਜ ਸਵੇਰੇ ਇੱਥੇ ਨਿਗਮ ਅਧਿਕਾਰੀਆਂ ਨੇ ਪੁਲੀਸ ਦੀ ਹਾਜ਼ਰੀ ਵਿੱਚ ਮਾਡਲ ਟਾਊਨ ਖੇਤਰ ਤੋਂ ਕੂੜਾ...
ਨਗਰ ਨਿਗਮ ਵੱਲੋਂ ਮਾਡਲ ਟਾਊਨ ਖੇਤਰ ’ਚੋਂ ਕੂੜਾ ਚੁੱਕਣ ਦਾ ਵਿਰੋਧ ਕਰਨ ’ਤੇ ਅੱਜ ਪੁਲੀਸ ਨੇ ਸਫ਼ਾਈ ਮੁਲਾਜ਼ਮਾਂ ਨੂੰ ਹਿਰਾਸਤ ਵਿੱਚ ਲੈ ਲਿਆ। ਜਾਣਕਾਰੀ ਅਨੁਸਾਰ ਅੱਜ ਸਵੇਰੇ ਇੱਥੇ ਨਿਗਮ ਅਧਿਕਾਰੀਆਂ ਨੇ ਪੁਲੀਸ ਦੀ ਹਾਜ਼ਰੀ ਵਿੱਚ ਮਾਡਲ ਟਾਊਨ ਖੇਤਰ ਤੋਂ ਕੂੜਾ ਚੁੱਕਣ ਦੀ ਕਾਰਵਾਈ ਸ਼ੁਰੂ ਕੀਤੀ। ਇਸ ਬਾਰੇ ਪਤਾ ਲੱਗਣ ’ਤੇ ਸਫ਼ਾਈ ਮੁਲਾਜ਼ਮ, ਪੁਲੀਸ ਪ੍ਰਸ਼ਾਸਨ ਅਤੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦੇ ਹੋਏ ਮੌਕੇ ’ਤੇ ਪਹੁੰਚੇ ਤੇ ਕੂੜਾ ਚੁੱਕਣ ਦਾ ਵਿਰੋਧ ਕੀਤਾ। ਇਸ ਦੌਰਾਨ ਪੁਲੀਸ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ। ਨਿਗਮ ਅਧਿਕਾਰੀਆਂ ਨੇ ਦੱਸਿਆ ਕਿ 14 ਦਿਨਾਂ ਤੋਂ ਚੱਲ ਰਹੀ ਹੜਤਾਲ ਕਾਰਨ ਸ਼ਹਿਰ ਦੀ ਹਾਲਤ ਵਿਗੜ ਰਹੀ ਸੀ, ਜਿਸ ਕਾਰਨ ਵੱਖ-ਵੱਖ ਥਾਵਾਂ ’ਤੇ ਕੂੜੇ ਦੇ ਢੇਰ ਲੱਗ ਗਏ ਸਨ। ਬਰਸਾਤ ਕਾਰਨ ਕੂੜੇ ਵਿੱਚੋਂ ਬੁਦਬੂ ਆ ਰਹੀ ਸੀ ਜਿਸ ਨਾਲ ਗੰਭੀਰ ਬਿਮਾਰੀਆਂ ਦੇ ਫੈਲਣ ਦਾ ਖਤਰਾ ਪੈਦਾ ਹੋ ਗਿਆ ਸੀ। ਉਨ੍ਹਾਂ ਦੱਸਿਆ ਕਿ ਯਮੁਨਾਨਗਰ ਵਿੱਚ 30 ਤੋਂ 40 ਅਜਿਹੇ ਕੂੜੇ ਦੇ ਡੰਪ ਹਨ, ਜਿਨ੍ਹਾਂ ਦੇ ਕੋਲੋਂ ਲੋਕਾਂ ਦਾ ਲੰਘਣਾ ਬਹੁਤ ਔਖਾ ਹੋ ਗਿਆ ਸੀ। ਅਧਿਕਾਰੀਆਂ ਦਾ ਕਹਿਣਾ ਸੀ ਕਿ ਉਹ ਜਲਦੀ ਹੀ ਸਾਰੀਆਂ ਥਾਵਾਂ ’ਤੇ ਸਫ਼ਾਈ ਕਰਨਗੇ, ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਲਈ ਭਾਰੀ ਪੁਲੀਸ ਫੋਰਸ ਲਗਾਈ ਗਈ ਹੈ। ਦੂਜੇ ਪਾਸੇ ਕਰਮਚਾਰੀ ਆਗੂਆਂ ਗੁਲਸ਼ਨ ਭਾਰਦਵਾਜ ਅਤੇ ਮਹੀਪਾਲ ਸੋਦੇ ਨੇ ਦੋਸ਼ ਲਗਾਇਆ ਕਿ ਸਰਕਾਰ ਨੇ ਭਾਰੀ ਪੁਲੀਸ ਦੀ ਮੌਜੂਦਗੀ ਦੇ ਵਿਚਕਾਰ ਕੂੜਾ ਹਟਾਉਣ ਦੀ ਕਾਰਵਾਈ ਜ਼ਬਰਦਸਤੀ ਸ਼ੁਰੂ ਕੀਤੀ ਹੈ ਜਦਕਿ ਉਹ ਸ਼ਾਂਤੀਪੂਰਨ ਢੰਗ ਨਾਲ ਹੜਤਾਲ ਕਰ ਰਹੇ ਸਨ। ਪ੍ਰਸ਼ਾਸਨ ਵੱਲੋਂ ਭਾਰੀ ਪੁਲੀਸ ਸਮਰਥਨ ਨਾਲ ਅਜਿਹੀ ਕਾਰਵਾਈ ਕਰਨ ਦੇ ਫੈਸਲੇ ਦੀ ਆਲੋਚਨਾ ਕਰਦਿਆਂ ਉਨ੍ਹਾਂ ਕਿਹਾ ਕਿ ਅਜਿਹੀਆਂ ਟਕਰਾਅ ਵਾਲੀਆਂ ਚਾਲਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਆਗੂਆਂ ਨੇ ਮੰਤਰੀ ਕ੍ਰਿਸ਼ਨ ਬੇਦੀ ਦੇ ਬਿਆਨ ’ਤੇ ਵੀ ਅਸੰਤੁਸ਼ਟੀ ਪ੍ਰਗਟ ਕੀਤੀ ਅਤੇ ਕਿਹਾ ਕਿ ਭਾਵੇਂ ਗੱਲਬਾਤ ਦੌਰਾਨ ਉਨ੍ਹਾਂ ਨਾਲ 12 ਮੰਗਾਂ ‘ਤੇ ਸਹਿਮਤੀ ਬਣ ਗਈ ਸੀ, ਪਰ ਸੈਨੀਟੇਸ਼ਨ ਅਤੇ ਫਾਇਰ ਬ੍ਰਿਗੇਡ ਵਿਭਾਗ ਦੇ ਮੁਲਾਜ਼ਮਾਂ ਨੂੰ ਪੱਕਾ ਕਰਨ ਸਬੰਧੀ ਜਮੂਦ ਬਣਿਆ ਹੋਇਆ ਹੈ। ਉਨ੍ਹਾਂ ਪੁਸ਼ਟੀ ਕੀਤੀ ਕਿ ਉਨ੍ਹਾਂ ਦੀ ਹੜਤਾਲ ਅਤੇ ਵਿਰੋਧ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਮੰਗਾਂ ਨਹੀਂ ਮੰਨੀਆਂ ਜਾਂਦੀਆਂ। ਇਸ ਦੌਰਾਨ ਉਨ੍ਹਾਂ ਸੰਘਰਸ਼ ਤੇਜ਼ ਕਰਨ ਦੀ ਵੀ ਚਿਤਾਵਨੀ ਦਿੱਤੀ ਹੈ।

