ਸਤਪਾਲ ਰਾਮਗੜ੍ਹੀਆ
ਪਿਹੋਵਾ, 21 ਸਤੰਬਰ
ਕੈਬਨਿਟ ਮੰਤਰੀ ਸੰਦੀਪ ਸਿੰਘ ਨੇ ਕਿਹਾ ਕਿ ਵਕੀਲ ਸਮਾਜ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ ਕਿਉਂਕਿ ਵਕੀਲ ਆਮ ਲੋਕਾਂ ਦੇ ਹੱਕਾਂ ਦੀ ਰਾਖੀ ਲਈ ਲੜਦੇ ਹਨ| ਸੰਦੀਪ ਸਿੰਘ ਪਿਹੋਵਾ ਬਾਰ ਐਸੋਸੀਏਸ਼ਨ ਵੱਲੋਂ ਕਰਵਾਏ ਗਏ ਸਨਮਾਨ ਸਮਾਗਮ ਵਿੱਚ ਵਕੀਲਾਂ ਨੂੰ ਸੰਬੋਧਨ ਕਰ ਰਹੇ ਸਨ। ਇਸ ਪ੍ਰੋਗਰਾਮ ਵਿੱਚ ਰਾਜ ਮੰਤਰੀ ਸੰਦੀਪ ਸਿੰਘ ਨੇ ਬਾਰ ਐਸੋਸੀਏਸ਼ਨ ਵਿੱਚ ਸਹੂਲਤਾਂ ਲਈ ਪ੍ਰਧਾਨ ਅਸ਼ੋਕ ਭਾਰਦਵਾਜ ਅਤੇ ਕਾਰਜਕਾਰਨੀ ਮੈਂਬਰਾਂ ਨੂੰ 2 ਲੱਖ ਰੁਪਏ ਦਾ ਚੈੱਕ ਸੌਂਪਿਆ ਅਤੇ ਵਕੀਲਾਂ ਲਈ ਲਿਫਟ ਤੇ ਏਸੀ ਦੀ ਸਹੂਲਤ ਲਈ 6 ਲੱਖ ਰੁਪਏ ਦੀ ਵਿਕਾਸ ਰਾਸ਼ੀ ਦੇ ਚੈੱਕ ਦੇਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਪਿਹੋਵਾ ਬਾਰ ਐਸੋਸੀਏਸ਼ਨ ਨੂੰ ਪਹਿਲਾਂ ਵੀ 11 ਲੱਖ ਰੁਪਏ ਦੀ ਵਿਕਾਸ ਰਾਸ਼ੀ ਜਾਰੀ ਕੀਤੀ ਜਾ ਚੁੱਕੀ ਹੈ ਅਤੇ ਭਵਿੱਖ ਵਿੱਚ ਵੀ ਉਨ੍ਹਾਂ ਵੱਲੋਂ ਪੂਰਾ ਸਹਿਯੋਗ ਮਿਲਦਾ ਰਹੇਗਾ। ਉਹ ਮੁੱਖ ਮੰਤਰੀ ਮਨੋਹਰ ਲਾਲ ਨੂੰ ਮਿਲ ਕੇ ਇਹ ਯਕੀਨੀ ਬਣਾਉਣਗੇ ਕਿ ਰਾਜ ਸਰਕਾਰ ਵੱਲੋਂ ਵਕੀਲਾਂ ਦੇ ਚੈਂਬਰ ਦੀ ਉਸਾਰੀ ਲਈ ਜ਼ਮੀਨ ਉਪਲੱਬਧ ਕਰਵਾਈ ਜਾਵੇ। ਬਾਰ ਐਸੋਸੀਏਸ਼ਨ ਦੇ ਪ੍ਰਧਾਨ ਅਸ਼ੋਕ ਭਾਰਦਵਾਜ ਦੀ ਅਗਵਾਈ ਹੇਠ ਸਮੂਹ ਮੈਂਬਰਾਂ ਨੇ ਰਾਜ ਮੰਤਰੀ ਦਾ ਸਵਾਗਤ ਕੀਤਾ। ਪ੍ਰਧਾਨ ਅਸ਼ੋਕ ਭਾਰਦਵਾਜ ਨੇ ਕਿਹਾ ਕਿ ਰਾਜ ਮੰਤਰੀ ਸੰਦੀਪ ਸਿੰਘ ਸਾਡੀ ਐਸੋਸੀਏਸ਼ਨ ਦੇ ਮੈਂਬਰਾਂ ਦਾ ਪੂਰਾ ਸਮਰਥਨ ਕਰਦੇ ਹਨ ਅਤੇ ਹੁਣ ਤੱਕ ਪਿਹੋਵਾ ਬਾਰ ਐਸੋਸੀਏਸ਼ਨ ਨੂੰ 13 ਲੱਖ ਰੁਪਏ ਦੀ ਵਿਕਾਸ ਰਾਸ਼ੀ ਭੇਟ ਕਰ ਚੁੱਕੇ ਹਨ। ਇਸ ਮੌਕੇ ਐਡਵੋਕੇਟ ਅਸ਼ੋਕ ਭਾਰਦਵਾਜ, ਜੇਐੱਸ ਉਦਰਸੀ, ਐੱਸਡੀ ਮੁਰਾੜ, ਮੋਹਿਤ ਸ਼ਰਮਾ, ਰਾਜਪਾਲ ਗਿੱਲ, ਰਾਜੇਸ਼ ਹਰਿਤ, ਸੀ.ਪੀ ਕਾਲੜਾ, ਜੇ.ਐਸ.ਅਨੇਜਾ ਆਦਿ ਹਾਜ਼ਰ ਸਨ।