ਚੰਡੀਗੜ੍ਹ, 20 ਸਤੰਬਰ
ਹਰਿਆਣਾ ਦੇ ਕਿਸਾਨਾਂ ਨੇ ਅੱਜ ਕੇਂਦਰੀ ਖੇਤੀ ਬਿੱਲਾਂ ਦਾ ਵਿਰੋਧ ਕਰਦਿਆਂ ਸੂਬੇ ਭਰ ਵਿੱਚ ਸੜਕਾਂ ਜਾਮ ਕਰਕੇ ਪੁਰਅਮਨ ਧਰਨੇ ਦਿੱਤੇ। ਰੋਸ ਮੁਜ਼ਾਹਰਿਆਂ ’ਚ ਹਰਿਆਣਾ ਦੀ ਭਾਜਪਾ ਸਰਕਾਰ ਦੀ ਭਾਈਵਾਲ ਜਨਨਾਇਕ ਜਨਤਾ ਪਾਰਟੀ (ਜੇਜੇਪੀ) ਦੇ ਦੋ ਵਿਧਾਇਕ ਵੀ ਸ਼ਾਮਲ ਹੋਏ।
ਭਾਰਤੀ ਕਿਸਾਨ ਯੂਨੀਅਨ ਦੀ ਹਰਿਆਣਾ ਇਕਾਈ ਦੇ ਸੱਦੇ ’ਤੇ ਕੀਤੇ ਗਏ ਗਏ ਰੋਸ ਮੁਜ਼ਾਹਰਿਆਂ ਦੌਰਾਨ ਅੱਜ ਸੂਬੇ ਦੇ ਵੱਖ ਵੱਖ ਕੌਮੀ ਤੇ ਰਾਜ ਮਾਰਗਾਂ ’ਤੇ ਦੁਪਹਿਰ 12 ਤੋਂ 3 ਵਜੇ ਤੱਕ ਜਾਮ ਲਾਏ ਗਏ ਜਿਸ ਨੂੰ ਕਈ ਹੋਰ ਕਿਸਾਨ ਜਥੇਬੰਦੀਆਂ ਨੇ ਹਮਾਇਤ ਦਿੱਤੀ। ਅੰਬਾਲਾ ਵਿੱਚ ਮੰਡੀਆਂ ਦੇ ਕਮਿਸ਼ਨ ਏਜੰਟਾਂ ਨੇ ਕਿਸਾਨਾਂ ਦੇ ਰੋਸ ਧਰਨੇ ’ਚ ਸ਼ਮੂਲੀਅਤ ਕੀਤੀ। ਕਿਸਾਨਾਂ ਵੱਲੋਂ ਨਾਰਾਇਣਗੜ੍ਹ ਨੇੜੇ ਅੰਬਾਲਾ-ਨਾਹਣ ਹਾਈਵੇਅ, ਜੁਲਾਣਾ ਨੇੜੇ ਜੀਂਦ-ਪਟਿਆਲਾ ਤੇ ਜੀਂਦ-ਦਿੱਲੀ ਹਾਈਵੇਅ ਅਤੇ ਸੋਨੀਪਤ-ਗੋਹਾਨਾ ਹਈਵੇਅ ਜਾਮ ਕੀਤੇ ਗਏ ਪਰ ਅੰਬਾਲਾ-ਦਿੱਲੀ ਹਾਈਵੇਅ ’ਤੇ ਕੋਈ ਜਾਮ ਨਹੀਂ ਲਾਇਆ ਗਿਆ। ਯਮੁਨਾਨਗਰ ’ਚ ਰੋਸ ਮੁਜ਼ਾਹਰੇ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਹਰਿਆਣਾ ਦੇ ਪ੍ਰਧਾਨ ਗੁਰਨਾਮ ਸਿੰਘ ਨੇ ਕਿਹਾ ਕਿ ਕਿਸਾਨਾਂ ਦੇ ਵਿਰੋਧ ਦੇ ਬਾਵਜੂਦ ਇਹ ਬਿੱਲ ਪਾਸ ਕਰ ਦਿੱਤੇ ਗਏ ਹਨ। ਉਨ੍ਹਾਂ ਇਸ ਨੂੰ ‘ਜਮਹੂਰੀਅਤ ਦੀ ਹੱਤਿਆ’ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਬਿੱਲ ਕਿਸਾਨ ਪੱਖੀ ਨਹੀਂ ਬਲਕਿ ਵੱਡੇ ਕਾਰਪੋਰੇਟ ਅਦਾਰਿਆਂ ਦੇ ਹਿੱਤ ’ਚ ਹਨ। ਉਨ੍ਹਾਂ ਕਿਹਾ ਕਿ ਸੂਬੇ ਭਰ ’ਚ ਰੋਸ ਮੁਜ਼ਾਹਰੇ ਸ਼ਾਂਤਮਈ ਢੰਗ ਨਾਲ ਹੋਏ ਹਨ ਤੇ 17 ਕਿਸਾਨ ਜਥੇਬੰਦੀਆਂ ਨੇ ਉਨ੍ਹਾਂ ਨੂੰ ਹਮਾਇਤ ਦਿੱਤੀ ਹੈ।
ਜੇਜੇਪੀ ਦੇ ਦੋ ਵਿਧਾਇਕਾਂ ਜੋਗੀ ਰਾਮ ਸਿਹਾਗ (ਬਰਵਾਲਾ) ਅਤੇ ਰਾਮ ਕਰਨ ਕਾਲਾ (ਸ਼ਾਹਬਾਦ) ਨੇ ਪਾਰਟੀ ਲਾਈਨ ਤੋਂ ਬਾਹਰ ਜਾ ਕੇ ਕਿਸਾਨਾਂ ਦੇ ਧਰਨੇ ’ਚ ਸ਼ਮੂਲੀਅਤ ਕੀਤੀ। ਇਸ ਮੌਕੇ ਸਿਹਾਗ ਨੇ ਕਿਹਾ ਜੇਕਰ ਉਨ੍ਹਾਂ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਵੀ ਦੇਣਾ ਪਿਆ ਤਾਂ ਉਹ ਦੇ ਦੇਣਗੇ ਕਿਉਂਕਿ ਉਨ੍ਹਾਂ ਲਈ ਕਿਸਾਨੀ ਦੇ ਹਿੱਤ ਸਭ ਤੋਂ ਪਹਿਲਾਂ ਹਨ। ਦੂਜੇ ਪਾਸੇ ਪਾਰਟੀ ਦੇ ਮੁਖੀ ਤੇ ਹਰਿਆਣਾ ਦੇ ਉੱਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਕਾਂਗਰਸ ਦੇ ਕਿਸਾਨਾਂ ਨੂੰ ਗੁੰਮਰਾਹ ਕਰਨ ਦਾ ਦੋਸ਼ ਲਾਇਆ। ਉੱਧਰ ਹਰਿਆਣਾ ਕਾਂਗਰਸ ਦੇ ਮੁੱਲਾਣਾ ਤੋਂ ਵਿਧਾਇਕ ਨੇ ਪੰਜੋਖਰਾ ਸਾਹਿਬ ਨੇੜੇ ਮੰਦੌਰ ’ਚ ਰੋਸ ਮੁਜ਼ਾਹਰੇ ’ਚ ਸ਼ਾਮਲ ਹੁੰਦਿਆਂ ਦੋਸ਼ ਲਾਇਆ ਕਿ ਇਹ ਬਿੱਲ ਕਿਸਾਨਾਂ ਦੀ ਰਾਖੀ ਨਹੀਂ ਕਰਨਗੇ ਬਲਕਿ ਉਨ੍ਹਾਂ ਲਈ ਅੜਿੱਕਾ ਬਣਨਗੇ। ਰੋਹਤਕ ਤੇ ਚਰਖੀ ਦਾਦਰੀ ਜ਼ਿਲ੍ਹਿਆਂ ’ਚ ਰੋਸ ਮੁਜ਼ਾਹਰੇ ’ਚ ਸ਼ਾਮਲ ਹੋਏ ਮਹਿਮ ਤੋਂ ਆਜ਼ਾਦ ਵਿਧਾਇਕ ਬਲਰਾਜ ਕੁੰਡੂ ਨੇ ਕਿਹਾ ਕਿ ਉਹ 2 ਅਕਤੂਬਰ ਤੋਂ ਖੇਤੀ ਬਿੱਲਾਂ ਖ਼ਿਲਾਫ਼ ਭੁੱਖ ਹੜਤਾਲ ’ਤੇ ਬੈਠਣਗੇ।
ਦੂਜੇ ਪਾਸੇ ਕਿਸਾਨਾਂ ਦੇ ਰੋਸ ਪ੍ਰਦਰਸ਼ਨ ਦੇ ਮੱਦੇਨਜ਼ਰ ਹਰਿਆਣਾ ਪੁਲੀਸ ਵੱਲੋਂ ਲਗਾਤਾਰ ਕੌਮੀ ਤੇ ਸੂਬਾਈ ਮੁੱਖ ਮਾਰਗਾਂ ’ਤੇ ਗਸ਼ਤ ਕੀਤੀ ਜਾ ਰਹੀ ਸੀ ਅਤੇ ਅੰਬਾਲਾ, ਕੁਰੂਕਸ਼ੇਤਰ, ਸੋਨੀਪਤ, ਜੀਂਦ, ਸਿਰਸਾ, ਫਤਿਹਾਬਾਦ, ਹਿਸਾਰ ਤੇ ਭਿਵਾਨੀ ਸਮੇਤ ਸੂਬੇ ਦੀਆਂ ਹੋਰ ਅਹਿਮ ਥਾਵਾਂ ’ਤੇ ਸੁਰੱਖਿਆ ਦੇ ਸਖ਼ਤ ਬੰਦੋਬਸਤ ਕੀਤੇ ਗਏ ਸਨ। -ਪੀਟੀਆਈ