ਹਾੜ੍ਹੀ ਦੀ ਫ਼ਸਲ ਦੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ
ਗੇਟ ਪਾਸ ਲਈ ਬਾਇਓਮੀਟ੍ਰਿਕ ਤਸਦੀਕ ਲਾਜ਼ਮੀ; ‘ਮੇਰੀ ਫ਼ਸਲ ਮੇਰਾ ਬਿਉਰਾ’ ਪੋਰਟਲ ’ਤੇ ਰਜਿਸਟ੍ਰੇਸ਼ਨ ਵਾਲੇ ਕਿਸਾਨ ਹੀ ਵੇਚ ਸਕਣਗੇ ਫਸਲ
ਹਾੜ੍ਹੀ ਦੀ ਫ਼ਸਲ ਦੇ ਸੁਚਾਰੂ ਖਰੀਦ ਪ੍ਰਬੰਧਾਂ ਵਾਸਤੇ ਡਿਪਟੀ ਕਮਿਸ਼ਨਰ (ਡੀ ਸੀ) ਡਾ. ਵਿਵੇਕ ਭਾਰਤੀ ਨੇ ਅਧਿਕਾਰੀਆਂ ਨਾਲ ਅਹਿਮ ਮੀਟਿੰਗ ਕੀਤੀ। ਡੀ ਸੀ ਦਫ਼ਤਰ ਵਿੱਚ ਹੋਈ ਮੀਟਿੰਗ ਦੌਰਾਨ ਉਨ੍ਹਾਂ ਸਪੱਸ਼ਟ ਕੀਤਾ ਕਿ ਮੰਡੀਆਂ ਵਿੱਚ ਆਉਣ ਵਾਲੇ ਕਿਸਾਨਾਂ ਸਾਹਮਣੇ ਕਿਸੇ ਵੀ ਕਿਸਮ ਦੀ ਪ੍ਰੇਸ਼ਾਨੀ ਨਹੀਂ ਆਉਣੀ ਚਾਹੀਦੀ। ਸਬੰਧਤ ਵਿਭਾਗਾਂ ਦੇ ਅਧਿਕਾਰੀ ਇਹ ਯਕੀਨੀ ਬਣਾਉਣ ਕਿ ਸਾਰੇ ਵਿਆਪਕ ਪ੍ਰਬੰਧ ਸਮੇਂ ਸਿਰ ਮੁਕੰਮਲ ਹੋਣ।
ਡਾ. ਭਾਰਤੀ ਨੇ ਦੱਸਿਆ ਕਿ ਸਰ੍ਹੋਂ ਅਤੇ ਕਣਕ ਵੇਚਣ ਆਉਣ ਵਾਲੇ ਕਿਸਾਨਾਂ ਦੀਆਂ ਮੁੱਢਲੀਆਂ ਸਹੂਲਤਾਂ ਦਾ ਪੂਰਾ ਧਿਆਨ ਰੱਖਿਆ ਜਾਵੇਗਾ। ਜ਼ਿਲ੍ਹੇ ਅੰਦਰ ਹਾੜੀ ਦੀ ਫ਼ਸਲ ਖਰੀਦਣ ਖਾਤਰ ਸੱਤ ਅਨਾਜ ਮੰਡੀਆਂ ਅਤੇ ਲੋੜ ਅਨੁਸਾਰ ਹੋਰ ਖਰੀਦ ਕੇਂਦਰ ਬਣਾਏ ਜਾ ਰਹੇ ਹਨ। ਜ਼ਿਲ੍ਹੇ ਵਿੱਚ ਹੈਫੇਡ, ਖੁਰਾਕ ਤੇ ਸਪਲਾਈ ਵਿਭਾਗ ਅਤੇ ਵੇਅਰਹਾਊਸ ਤੈਅ ਨਿਯਮਾਂ ਅਨੁਸਾਰ ਫ਼ਸਲ ਦੀ ਖਰੀਦ ਕਰਨਗੇ। ਸਰਕਾਰ ਨੇ ਕਣਕ ਦਾ ਘੱਟੋ-ਘੱਟ ਸਮਰਥਨ ਮੁੱਲ (ਐੱਮ ਐੱਸ ਪੀ) 2585 ਰੁਪਏ ਪ੍ਰਤੀ ਕੁਇੰਟਲ ਅਤੇ ਸਰ੍ਹੋਂ ਦਾ ਭਾਅ 6200 ਰੁਪਏ ਪ੍ਰਤੀ ਕੁਇੰਟਲ ਨਿਰਧਾਰਿਤ ਕੀਤਾ ਹੈ।
ਡੀ ਸੀ ਨੇ ਨੋਡਲ ਅਧਿਕਾਰੀਆਂ ਅੱਗੇ ਮੰਡੀਆਂ ਦਾ ਫੀਲਡ ਦੌਰਾ ਕਰਨ ਅਤੇ ਨਿਰਧਾਰਿਤ ਮਾਪਦੰਡਾਂ ਅਨੁਸਾਰ ਖਰੀਦ ਯਕੀਨੀ ਬਣਾਉਣ ਦੀ ਹਦਾਇਤ ਰੱਖੀ। ਅਧਿਕਾਰੀਆਂ ਕੋਲ ਨਮੀ ਮਾਪਣ ਵਾਲੇ ਯੰਤਰ (ਮੌਇਸਚਰ ਮੀਟਰ) ਲਾਜ਼ਮੀ ਹੋਣੇ ਚਾਹੀਦੇ ਹਨ। ਕਿਸਾਨਾਂ ਵਾਸਤੇ ਮੰਡੀਆਂ ਅੰਦਰ ਪੀਣ ਵਾਲੇ ਪਾਣੀ, ਪਖਾਨੇ ਅਤੇ ਛਾਂ ਸਮੇਤ ਹੋਰ ਲੋੜੀਂਦੇ ਪ੍ਰਬੰਧ ਮੁਕੰਮਲ ਕੀਤੇ ਜਾਣ। ਉਨ੍ਹਾਂ ਮੰਡੀਆਂ ਵਿੱਚ ਬਾਰਦਾਨੇ ਦੀ ਪੂਰੀ ਵਿਵਸਥਾ ਕਰਨ ਅਤੇ ਫ਼ਸਲ ਦੀ ਲਿਫਟਿੰਗ ਦਾ ਕੰਮ ਸੁਚਾਰੂ ਢੰਗ ਨਾਲ ਚਲਾਉਣ ਦੀਆਂ ਹਦਾਇਤਾਂ ਵੀ ਦਿੱਤੀਆਂ।
ਡਾ. ਵਿਵੇਕ ਭਾਰਤੀ ਨੇ ਸਪੱਸ਼ਟ ਕੀਤਾ ਕਿ ਅਨਾਜ ਮੰਡੀਆਂ ਅੰਦਰ ਫ਼ਸਲ ਵੇਚਣ ਖਾਤਰ ਕਿਸਾਨਾਂ ਦੀ ‘ਮੇਰੀ ਫ਼ਸਲ ਮੇਰਾ ਬਿਉਰਾ’ ਪੋਰਟਲ ਉੱਪਰ ਰਜਿਸਟ੍ਰੇਸ਼ਨ ਹੋਣੀ ਲਾਜ਼ਮੀ ਹੈ। ਸਰਕਾਰ ਦੇ ਨਵੇਂ ਮਾਪਦੰਡਾਂ ਅਨੁਸਾਰ ਗੇਟ ਪਾਸ ਲੈਣ ਮੌਕੇ ਕਿਸਾਨ ਦੀ ਬਾਇਓਮੀਟ੍ਰਿਕ ਤਸਦੀਕ ਵੀ ਜ਼ਰੂਰੀ ਹੋਵੇਗੀ। ਉਨ੍ਹਾਂ ਕਿਸਾਨਾਂ ਅੱਗੇ ਅਪੀਲ ਰੱਖੀ ਕਿ ਉਹ ਮੰਡੀਆਂ ਅੰਦਰ ਆਪਣੀ ਫ਼ਸਲ ਪੂਰੀ ਤਰ੍ਹਾਂ ਸੁਕਾ ਕੇ ਹੀ ਲਿਆਉਣ।
ਇਸ ਮੌਕੇ ਹੋਰਨਾਂ ਅਧਿਕਾਰੀਆਂ ਤੋਂ ਇਲਾਵਾ ਏ ਡੀ ਸੀ ਅਨੁਰਾਗ ਢਾਲੀਆ, ਫਤਿਹਾਬਾਦ ਦੇ ਐੱਸ ਡੀ ਐੱਮ ਰਾਜੇਸ਼ ਕੁਮਾਰ, ਰਤੀਆ ਦੇ ਐੱਸ ਡੀ ਐੱਮ ਸੁਰਿੰਦਰ ਸਿੰਘ ਅਤੇ ਸੀ ਟੀ ਐੱਮ ਗੌਰਵ ਗੁਪਤਾ ਵੀ ਮੌਜੂਦ ਸਨ।

