ਵੱਖ-ਵੱਖ ਥਾਈਂ ਉਤਸ਼ਾਹ ਨਾਲ ਮਨਾਇਆ ਗਣਤੰਤਰ ਦਿਵਸ
ਮੁਖਤਿਆਰ ਸਿੰਘ ਨੌਗਾਵਾਂ ਦੇਵੀਗੜ੍ਹ, 27 ਜਨਵਰੀ ਇਥੇ ਟੈਗੋਰ ਇੰਟਰਨੈਸ਼ਨਲ ਸਕੂਲ ਅਕਬਰਪੁਰ ਅਫਗਾਨਾ ਵਿੱਚ 76ਵਾਂ ਗਣਤੰਤਰ ਦਿਵਸ ਦੇਸ਼ ਭਗਤੀ ਦੀ ਭਾਵਨਾ ਅਤੇ ਉਤਸ਼ਾਹ ਨਾਲ ਮਨਾਇਆ। ਇਹ ਸਮਾਗਮ ਸਕੂਲ ਦੇ ਸੀਨੀਅਰ ਅਤੇ ਜੂਨੀਅਰ ਦੋਨਾਂ ਵਿੰਗਾਂ ਵਲੋਂ ਪੇਸ਼ ਕੀਤਾ ਗਿਆ, ਜਿੱਥੇ ਵਿਦਿਆਰਥੀ ਅਤੇ...
ਮੁਖਤਿਆਰ ਸਿੰਘ ਨੌਗਾਵਾਂ
ਦੇਵੀਗੜ੍ਹ, 27 ਜਨਵਰੀ
ਇਥੇ ਟੈਗੋਰ ਇੰਟਰਨੈਸ਼ਨਲ ਸਕੂਲ ਅਕਬਰਪੁਰ ਅਫਗਾਨਾ ਵਿੱਚ 76ਵਾਂ ਗਣਤੰਤਰ ਦਿਵਸ ਦੇਸ਼ ਭਗਤੀ ਦੀ ਭਾਵਨਾ ਅਤੇ ਉਤਸ਼ਾਹ ਨਾਲ ਮਨਾਇਆ। ਇਹ ਸਮਾਗਮ ਸਕੂਲ ਦੇ ਸੀਨੀਅਰ ਅਤੇ ਜੂਨੀਅਰ ਦੋਨਾਂ ਵਿੰਗਾਂ ਵਲੋਂ ਪੇਸ਼ ਕੀਤਾ ਗਿਆ, ਜਿੱਥੇ ਵਿਦਿਆਰਥੀ ਅਤੇ ਸਟਾਫ ਨੇ ਰਾਸ਼ਟਰ ਦੀ ਭਾਵਨਾ ਦਾ ਸਨਮਾਨ ਕਰਨ ਲਈ ਇਕੱਠੇ ਹੋਏ। ਇਸੇ ਤਰ੍ਹਾਂ ਮਾਤਾ ਗੁਜਰੀ ਸੀਨੀਅਰ ਸੈਕੰਡਰੀ ਸਕੂਲ ਗੁਥਮੜਾ ਨੇੜੇ ਦੇਵੀਗੜ੍ਹ ਵਿਖੇ ਵੀ 76ਵਾਂ ਗਣਤੰਤਰਤਾ ਦਿਵਸ ਮਨਾਇਆ ਗਿਆ। ਨਵੀਂ ਬਣੀ ਨਗਰ ਪੰਚਾਇਤ ਦੇਵੀਗੜ੍ਹ ਵਿੱਚ ਪਹਿਲੀ ਵਾਰ ਗਣਤੰਤਰ ਦਿਵਸ ਮਨਾਇਆ ਗਿਆ ਜਿਥੇ ਪ੍ਰਧਾਨ ਸਵਿੰਦਰ ਕੌਰ ਧੰਜੂ ਨੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਇਸੇ ਤਰ੍ਹਾਂ ਤਹਿਸੀਲ ਦੂਧਨਸਾਧਾਂ ਵਿੱਚ ਗਣਤੰਤਰ ਦਿਵਸ ਧੂਮ ਧਾਮ ਨਾਲ ਮਨਾਇਆ ਗਿਆ, ਜਿਥੇ ਐੱਸਡੀਐੱਮ ਕ੍ਰਿਪਾਲਵੀਰ ਸਿੰਘ ਨੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ।
ਪਾਤੜਾਂ (ਗੁਰਨਾਮ ਸਿੰਘ ਚੌਹਾਨ): ਇਥੇ ਦਿ ਪੈਰਾਡਾਈਜ਼ ਇੰਟਰਨੈਸ਼ਨਲ ਸਕੂਲ (ਘੱਗਾ) ਦਫ਼ਤਰੀ ਵਾਲਾ ’ਚ ਗਣਤੰਤਰ ਦਿਵਸ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਦੇ ਚੇਅਰਮੈਨ ਡਾ. ਅੰਮ੍ਰਿਤਪਾਲ ਸਿੰਘ ਕਾਲੇਕਾ ਨੇ ਤਿਰੰਗਾ ਲਹਿਰਾਇਆ।
ਸਮਾਣਾ (ਸੁਭਾਸ਼ ਚੰਦਰ): ਇਥੇ ਗਣਤੰਤਰ ਦਿਵਸ ਮੌਕੇ ਸਥਾਨਕ ਪਬਲਿਕ ਕਾਲਜ ਦੇ ਖੇਡ ਸਟੇਡੀਅਮ ’ਚ ਕਰਵਾਏ ਗਏ ਸਮਾਗਮ ਦੌਰਾਨ ਉਪ-ਮੰਡਲ ਮੈਜਿਸਟਰੇਟ ਸਮਾਣਾ ਤਰਸੇਮ ਚੰਦ ਪੀਸੀਐੱਸ ਨੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ।
ਸੁਨਾਮ ਊਧਮ ਸਿੰਘ ਵਾਲਾ(ਬੀਰ ਇੰਦਰ ਸਿੰਘ ਬਨਭੌਰੀ): ਇਥੇ ਅਕੇਡੀਆ ਵਰਲਡ ਸਕੂਲ ਵਿੱਚ ਗਣਤੰਤਰ ਦਿਵਸ ਮਨਾਇਆ ਗਿਆ। ਇਸ ਮੌਕੇ ਸਕੂਲ ਦੇ ਚੇਅਰਮੈਨ ਐਡਵੋਕੇਟ ਗਗਨਦੀਪ ਸਿੰਘ ਅਤੇ ਪ੍ਰਿੰਸੀਪਲ ਰਣਜੀਤ ਕੌਰ ਨੇ ਰਾਸ਼ਟਰੀ ਝੰਡਾ ਲਹਿਰਾਇਆ।
ਪਟਿਆਲਾ(ਗੁਰਨਾਮ ਸਿੰਘ ਅਕੀਦਾ): ਇਥੇ ਰਾਜੀਵ ਗਾਂਧੀ ਨੈਸ਼ਨਲ ਲਾਅ ਯੂਨੀਵਰਸਿਟੀ ਵਿੱਚ ਗਣਤੰਤਰ ਦਿਵਸ ਵਾਲੇ ਦਿਨ ਤਿਰੰਗਾ ਝੰਡਾ ਲਹਿਰਾਇਆ ਗਿਆ। ਤਿਰੰਗਾ ਲਹਿਰਾਉਣ ਦੀ ਰਸਮ ਯੂਨੀਵਰਸਿਟੀ ਦੇ ਵੀਸੀ ਪ੍ਰੋ. (ਡਾ.) ਜੈ ਸ਼ੰਕਰ ਨੇ ਅਦਾ ਕੀਤੀ। ਉਨ੍ਹਾਂ ਯੂਨੀਵਰਸਿਟੀ ਦੇ ਸਫ਼ਾਈ ਸਟਾਫ਼ ਦੇ ਮਿਹਨਤਾਨੇ ਵਿੱਚ 2000 ਰੁਪਏ ਦੇ ਵਾਧੇ ਦਾ ਐਲਾਨ ਕੀਤਾ।
ਲਹਿਰਾਗਾਗਾ(ਰਮੇਸ਼ ਭਾਰਦਵਾਜ): ਇਥੇ ਸਬ ਡਵੀਜ਼ਨ ਪੱਧਰ ’ਤੇ 76ਵਾਂ ਗਣਤੰਤਰਤਾ ਦਿਵਸ ਮਨਾਇਆ ਗਿਆਂ। ਇਸ ਮੌਕੇ ਐੱਸਡੀਐੱਮ ਸੂਬਾ ਸਿੰਘ ਨੇ ਰਾਸ਼ਟਰੀ ਝੰਡੇ ਨੂੰ ਸਲਾਮੀ ਦਿੱਤੀ ਅਤੇ ਪੁਲੀਸ ਤੇ ਵਿਦਿਆਰਥੀ ਵੱਲੋਂ ਕੀਤੀ ਪਰੇਡ ਸਲਾਮੀ ਲਈ।
ਭਵਾਨੀਗੜ੍ਹ (ਮੇਜਰ ਸਿੰਘ ਮੱਟਰਾਂ): ਇਥੇ ਗੁਰੂ ਤੇਗ ਬਹਾਦਰ ਸਟੇਡੀਅਮ ਵਿੱਚ ਗਣਤੰਤਰ ਦਿਵਸ ਮਨਾਇਆ ਗਿਆ। ਇਸ ਮੌਕੇ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਮਨਜੀਤ ਕੌਰ ਐੱਸਡੀਐੱਮ ਭਵਾਨੀਗੜ੍ਹ ਨੇ ਅਦਾ ਕੀਤੀ।
ਰਾਜਪੁਰਾ (ਦਰਸ਼ਨ ਸਿੰਘ ਮਿੱਠਾ): ਇਥੇ ਝੰਡਾ ਗਰਾਊਂਡ ਰਾਜਪੁਰਾ ਵਿੱਚ ਗਣਤੰਤਰ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ। ਐੱਸਡੀਐੱਮ ਰਾਜਪੁਰਾ ਅਵਿਕੇਸ਼ ਗੁਪਤਾ ਨੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਸਮਾਗਮ ਦੌਰਾਨ ਪੱਤਰਕਾਰੀ ਖੇਤਰ ਵਿਚ ਵਧੀਆਂ ਸੇਵਾਵਾਂ ਨਿਭਾਉਣ ਬਦਲੇ ਪੱਤਰਕਾਰ ਅਸ਼ੋਕ ਝਾਅ, ਪੱਤਰਕਾਰ ਗੁਰਵਿੰਦਰ ਅਮਨ, ਆਜ਼ਾਦੀ ਘੁਲਾਟੀਆਂ ਤੇ ਕਾਰਗਿਲ ਵਿਖੇ ਸ਼ਹੀਦ ਹੋਏ ਫ਼ੌਜੀ ਜਵਾਨਾਂ ਦੀਆਂ ਵਿਧਵਾਵਾਂ ਨੂੰ ਸਨਮਾਨਿਤ ਕੀਤਾ ਗਿਆ।

ਸ਼ੇਰਪੁਰ(ਬੀਰਬਲ ਰਿਸ਼ੀ): ਸਾਬਕਾ ਸੈਨਿਕ ਲੀਗ ਬਲਾਕ ਸ਼ੇਰਪੁਰ ਵੱਲੋਂ ਗਣਤੰਤਰ ਦਿਵਸ ਮੌਕੇ ਲੀਗ ਪ੍ਰਧਾਨ ਤੇ ਸਾਬਕਾ ਸੂਬੇਦਾਰ ਮੇਜਰ ਹਰਜੀਤ ਸਿੰਘ ਦੀ ਅਗਵਾਈ ਹੇਠ ਪੁਰਾਣੀ ਤਹਿਸੀਲ ਸ਼ੇਰਪੁਰ ਦੇ ਸੈਨਿਕ ਦਫ਼ਤਰ ਵਿੱਚ ਤਿਰੰਗਾ ਝੰਡਾ ਲਹਿਰਾਇਆ ਗਿਆ। ਇਸ ਮੌਕੇ ਸੈਨਿਕ ਲੀਗ ਵੱਲੋਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ।
ਭਾਸ਼ਾ ਵਿਭਾਗ ਵਿੱਚ ਸੇਵਾਦਾਰ ਨੇ ਲਹਿਰਾਇਆ ਤਿਰੰਗਾ

ਪਟਿਆਲਾ(ਗੁਰਨਾਮ ਸਿੰਘ ਅਕੀਦਾ): ਇਥੇ ਭਾਸ਼ਾ ਵਿਭਾਗ ਪੰਜਾਬ ਵਿੱਚ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਨੇ ਆਪਣੇ ਹੀ ਸੇਵਾਦਾਰ ਤੋਂ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਵਾਈ। ਜ਼ਫ਼ਰ ਨੇ ਕਿਹਾ, ‘ਸਾਡੇ ਲਈ ਵਿਭਾਗ ਤੇ ਸਮਾਜ ਦਾ ਹਰ ਵਿਅਕਤੀ ਉੱਤਮ ਹੈ, ਇਹ ਚਲਣ ਸਾਰੇ ਸਮਾਜ ਵਿਚ ਹੋ ਜਾਵੇ ਤਾਂ ਸਮਾਜ ਵਿਚ ਇਕਸੁਰਤਾ ਨਜ਼ਰ ਆਵੇਗੀ।’ ਝੰਡਾ ਲਹਿਰਾਉਣ ਦੀ ਰਸਮ ਵਿਭਾਗ ਦੇ ਸੇਵਾਦਾਰ ਅਨਿਲ ਕੁਮਾਰ ਨੇ ਅਦਾ ਕੀਤੀ, ਅਨਿਲ ਕੁਮਾਰ ਨੇ ਕਿਹਾ,‘‘ ਮੇਰੇ ਲਈ ਇਹ ਵੱਖਰਾ ਤਜਰਬਾ ਸੀ, ਸਾਡੇ ਵਰਗੇ ਸੇਵਾਦਾਰਾਂ ਨੂੰ ਕੌਣ ਅਜਿਹਾ ਕਰਨ ਲਈ ਦਿੰਦਾ ਹੈ, ਸਾਡਾ ਕੰਮ ਪਾਣੀ-ਚਾਹ ਪਿਲਾਉਣਾ ਹੀ ਸਮਝਿਆ ਜਾਂਦਾ ਹੈ ਪਰ ਮੈਂ ਡਾਇਰੈਕਟਰ ਜ਼ਫ਼ਰ ਦੇ ਤਹਿ ਦਿਲੋਂ ਧੰਨਵਾਦੀ ਹਨ ਜਿਨ੍ਹਾਂ ਨੇ ਉਸ ਤੋਂ ਦੇਸ਼ ਦਾ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਵਾਈ।’’

