ਚੰਡੀਗੜ੍ਹ ਤੇ ਮੁਹਾਲੀ ਵਿਚ ਅੱਜ ਸਵੇਰ ਵੇਲੇ ਧੁੰਦ ਨਹੀਂ ਪਈ ਤੇ ਇੱਥੇ ਕਈ ਥਾਵਾਂ ’ਤੇ ਹਲਕੀ ਧੁੱਪ ਨਿਕਲ ਆਈ ਪਰ ਇਸ ਇਸ ਵੇਲੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਠੰਢ ਦੀ ਲਪੇਟ ਵਿਚ ਹਨ। ਮੌਸਮ ਵਿਭਾਗ ਨੇ 8 ਜਨਵਰੀ ਤਕ ਸੰਘਣੀ ਧੁੰਦ ਤੇ ਸੀਤ ਲਹਿਰ ਲਈ ਓਰੈਂਜ ਅਲਰਟ ਜਾਰੀ ਕੀਤਾ ਹੈ। ਪਿਛਲੇ 24 ਘੰਟਿਆਂ ਵਿਚ ਹੁਸ਼ਿਆਰਪੁਰ ਸਭ ਤੋਂ ਠੰਢਾ ਰਿਹਾ ਜਿਥੇ ਤਾਪਮਾਨ 6.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਦੇ ਦੂਜੇ ਪਾਸੇ ਮੁਹਾਲੀ ਨੇੜਲੇ ਪਿੰਡਾਂ ਵਿਚ ਅੱਜ ਵੀ ਸਵੇਰ ਵੇਲੇ ਧੁੰਦ ਪਈ ਤੇ ਸਵੇਰ ਵੇਲੇ ਦਿਸਣ ਹੱਦ ਘੱਟ ਸੀ ਪਰ ਦਿਨ ਚੜ੍ਹਦੇ ਧੁੰਦ ਘਟਦੀ ਗਈ। ਐਤਵਾਰ ਨੂੰ ਚੰਡੀਗੜ੍ਹ ਅਤੇ ਪੰਜਾਬ ਭਰ ਵਿਚ ਸਵੇਰ ਵੇਲੇ ਧੁੰਦ ਛਾਈ ਰਹੀ।
ਮੁਹਾਲੀ ਦੇ ਕੌਮਾਂਤਰੀ ਹਵਾਈ ਅੱਡੇ ’ਤੇ ਬੀਤੀ ਦੇਰ ਰਾਤ ਮੁੰਬਈ ਤੋਂ ਚੰਡੀਗੜ੍ਹ ਆਉਣ ਵਾਲੀ ਉਡਾਣ ਆਪਣੇ ਮਿੱਥੇ ਸਮੇਂ ਤੋਂ ਇਕ ਘੰਟਾ ਲੇਟ ਪੁੱਜੀ ਤੇ ਇਸੀ ਉਡਾਣ ਨੇ ਅੱਜ ਸਵੇਰ 5.20 ਵਜੇ ਮੁੰਬਈ ਰਵਾਨਾ ਹੋਣਾ ਸੀ ਤੇ ਇਹ ਦਸ ਮਿੰਟ ਦੀ ਦੇਰੀ ਬਾਅਦ ਰਵਾਨਾ ਹੋਈ। ਹਵਾਈ ਅੱਡਾ ਅਥਾਰਿਟੀ ਨੇ ਕਿਹਾ ਹੈ ਕਿ ਇਸ ਹਵਾਈ ਅੱਡੇ ’ਤੇ ਬਾਕੀ ਉਡਾਣਾਂ ਸਮੇਂ ਸਿਰ ਰਵਾਨਾ ਹੋਣਗੀਆਂ। ਦੂਜੇ ਪਾਸੇ ਦਿੱਲੀ ਵਿਚ ਅੱਜ ਕਈ ਉਡਾਣਾਂ ਦੇਰੀ ਨਾਲ ਚੱਲੀਆਂ ਤੇ ਦਿੱਲੀ ਹਵਾਈ ਅੱਡਾ ਅਥਾਰਿਟੀ ਨੇ ਕਿਹਾ ਹੈ ਕਿ ਯਾਤਰੀ ਆਪਣੀ ਉਡਾਣ ਦੀ ਸਥਿਤੀ ਦੇਖ ਕੇ ਹੀ ਘਰ ਤੋਂ ਰਵਾਨਾ ਹੋਣ।

