Chandigarh ਦੇ Ravi Jaiswal ਨੂੰ ਮਿਲੇਗਾ ਕੌਮੀ ਟੀਚਰਜ਼ ਐਵਾਰਡ
ਦੇਸ਼ ਭਰ ਵਿਚੋਂ 48 ਅਧਿਆਪਕਾਂ ਦੀ ਚੋਣ; ਚੰਡੀਗੜ੍ਹ ਤੇ ਪੰਜਾਬ ਦਾ ਇਕ-ਇਕ ਅਧਿਆਪਕ ਸ਼ਾਮਲ; ਪੰਜ ਸਤੰਬਰ ਨੂੰ ਮਿਲੇਗਾ ਐਵਾਰਡ
ਕੇਂਦਰੀ ਸਿੱਖਿਆ ਮੰਤਰਾਲੇ ਨੇ ਇਸ ਸਾਲ ਦੇ ਕੌਮੀ ਟੀਚਰਜ਼ ਐਵਾਰਡ ਲਈ ਦੇਸ਼ ਭਰ ਵਿਚੋਂ 48 ਅਧਿਆਪਕਾਂ ਦੀ ਚੋਣ ਕੀਤੀ ਹੈ। ਇਨ੍ਹਾਂ ਵਿਚੋਂ ਇਕ ਚੰਡੀਗੜ੍ਹ ਤੇ ਇਕ ਅਧਿਆਪਕ ਪੰਜਾਬ ਦਾ ਹੈ। ਇਨ੍ਹਾਂ ਅਧਿਆਪਕਾਂ ਨੂੰ ਪੰਜ ਸਤੰਬਰ ਨੂੰ ਨਵੀਂ ਦਿੱਲੀ ਵਿਚ ਸਨਮਾਨਿਆ ਜਾਵੇਗਾ। ਇਸ ਵਾਰ ਚੰਡੀਗੜ੍ਹ ਦੇ ਸਰਕਾਰੀ ਮਾਡਲ ਹਾਈ ਸਕੂਲ ਮਲੋਆ ਕਲੋਨੀ ਦੇ ਸਾਇੰਸ ਅਧਿਆਪਕ ਰਵੀ ਜੈਸਵਾਲ ਨੂੰ ਨੈਸ਼ਨਲ ਟੀਚਰਜ਼ ਐਵਾਰਡ 2026 ਮਿਲੇਗਾ ਜਦਕਿ ਪੰਜਾਬ ਦੇ ਪਟਿਆਲਾ ਵਿਚੋਂ ਦਿਨੇਸ਼ ਕੁਮਾਰ ਦੀ ਚੋਣ ਹੋਈ ਹੈ ਜੋ ਇਸ ਵੇਲੇ ਸਰਕਾਰੀ ਵਿਕਟੋਰੀਆ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਪਟਿਆਲਾ ਵਿਚ ਨਿਯੁਕਤ ਹੈ। ਇਸ ਤੋਂ ਇਲਾਵਾ ਹਰਿਆਣਾ ਦੇ ਇਕ ਅਧਿਆਪਕ ਅਨਿਲ ਕੌਸ਼ਕ ਦੀ ਵੀ ਚੋਣ ਹੋਈ ਹੈ ਜੋ ਰੋਹਤਕ ਦਾ ਰਹਿਣ ਵਾਲਾ ਹੈ।
ਜਾਣਕਾਰੀ ਅਨੁਸਾਰ ਰਵੀ ਜੈਸਵਾਲ ਦੇ ਯਤਨਾਂ ਸਦਕਾ ਚੰਡੀਗੜ੍ਹ ਦੇ ਸਰਕਾਰੀ ਮਾਡਲ ਹਾਈ ਸਕੂਲ ਮਲੋਆ ਕਲੋਨੀ ਵਿੱਚ ਪੜ੍ਹਦੇ ਬੱਚੇ ਵਿਗਿਆਨ ਲਈ ਪੁਸਤਕਾਂ ਅਤੇ ਲੈਬ ਪੀਰੀਅਡ ’ਤੇ ਹੀ ਨਿਰਭਰ ਨਹੀਂ ਹਨ। ਇੱਥੇ ਵਿਦਿਆਰਥੀ 3ਡੀ ਡੋਮ ਦੇ ਜ਼ਰੀਏ ਪੁਲਾੜ ਦੀ ਸੈਰ ਕਰਦੇ ਹਨ, ਆਪੇ ਮੌਸਮ ਦੀ ਰੀਡਿੰਗ ਲੈਂਦੇ ਹਨ ਅਤੇ ਮਾਡਲਾਂ ਜ਼ਰੀਏ ਗਣਿਤ ਦੀਆਂ ਧਾਰਨਾਵਾਂ ਨੂੰ ਸਮਝਦੇ ਹਨ। ਰਵੀ ਜੈਸਵਾਲ ਇਸ ਸਕੂਲ ਵਿਚ ਟੀ ਜੀ ਟੀ ਸਾਇੰਸ (ਨਾਨ-ਮੈਡੀਕਲ) ਪੜ੍ਹਾਉਂਦਾ ਹੈ ਤੇ ਉਹ 16 ਸਾਲਾਂ ਤੋਂ ਵੱਧ ਸਮੇਂ ਤੋਂ ਅਧਿਆਪਕ ਵਜੋਂ ਸੇਵਾ ਨਿਭਾ ਰਿਹਾ ਹੈ।
ਮਲੋਆ ਕਲੋਨੀ ਦੇ ਸਕੂਲ ਵਿੱਚ ਸੀ ਵੀ ਰਮਨ ਡੋਮ ਥੀਏਟਰ ਹੈ। ਇਸ ਦੀ ਸ਼ੁਰੂਆਤ ਉਸ ਸਮੇਂ ਹੋਈ ਜਦੋਂ ਵਿਦਿਆਰਥੀਆਂ ਨੇ ਕਪੂਰਥਲਾ ਸਥਿਤ ਸਾਇੰਸ ਸਿਟੀ ਜਾਣ ਦੀ ਇੱਛਾ ਜਤਾਈ ਪਰ ਸਾਰਿਆਂ ਲਈ ਉੱਥੇ ਜਾਣਾ ਸੰਭਵ ਨਹੀਂ ਸੀ। ਜੈਸਵਾਲ ਨੇ ਸਕੂਲ ਦੇ ਇੱਕ ਹਾਲ ਨੂੰ ਇਨਰ ਕਰਵਡ ਪ੍ਰੋਜੈਕਸ਼ਨ ਸਿਸਟਮ ਦੀ ਮਦਦ ਨਾਲ 3ਡੀ ਲਰਨਿੰਗ ਸਪੇਸ ਵਿੱਚ ਬਦਲ ਦਿੱਤਾ। ਇੱਥੇ ਹਰ ਸੈਸ਼ਨ ਵਿੱਚ 25 ਤੋਂ 30 ਵਿਦਿਆਰਥੀ ਪੁਲਾੜ ਅਤੇ ਬਾਇਓਲੋਜੀ ਦੀ 3ਡੀ ਯਾਤਰਾ ਦਾ ਤਜਰਬਾ ਲੈਂਦੇ ਹਨ। ਬਾਅਦ ਵਿੱਚ ਇਸ ਮਾਡਲ ਨੂੰ ਛੇ ਹੋਰ ਸਰਕਾਰੀ ਸਕੂਲਾਂ ਵਿੱਚ ਵੀ ਅਪਣਾਇਆ ਗਿਆ।
ਜੈਸਵਾਲ ਨੇ ਦੀਕਸ਼ਾ ’ਤੇ 149 ਤੋਂ ਵੱਧ ਡਿਜੀਟਲ ਲਰਨਿੰਗ ਮੌਡਿਊਲ ਤਿਆਰ ਕੀਤੇ ਹਨ।
ਕਮਜ਼ੋਰ ਵਿਦਿਆਰਥੀਆਂ ਦੀ ਫੀਸ ਤੇ ਹੋਰ ਮਦਦ ਕਰਦਾ ਹੈ ਰਵੀ ਜੈਸਵਾਲ
ਰਵੀ ਜੈਸਵਾਲ ਆਪ ਇੱਕ ਗਰੀਬ ਪਰਿਵਾਰ ਤੋਂ ਸੀ। ਉਹ ਆਰਥਿਕ ਤੌਰ 'ਤੇ ਕਮਜ਼ੋਰ ਬੱਚਿਆਂ ਦੀ ਫ਼ੀਸ ਅਤੇ ਪੜ੍ਹਾਈ ਦੇ ਖਰਚਿਆਂ ਵਿੱਚ ਮਦਦ ਕਰਦਾ ਆ ਰਿਹਾ ਹੈ। ਉਨ੍ਹਾਂ ਦਾ ‘ਮਦਰ ਟੈਰੇਸਾ ਮਲੋਆ ਸਕੂਲ ਹੈਲਪ ਗਰੁੱਪ' ਲੋੜਵੰਦ ਬੱਚਿਆਂ ਦੇ ਇਲਾਜ ਅਤੇ ਉੱਚ ਸਿੱਖਿਆ ਵਿੱਚ ਸਹਾਇਤਾ ਕਰਦਾ ਹੈ। ਨੈਸ਼ਨਲ ਟੀਚਰਜ਼ ਐਵਾਰਡ ਲਈ ਚੁਣੇ ਜਾਣ ’ਤੇ ਰਵੀ ਨੇ ਚੰਡੀਗੜ੍ਹ ਸਿੱਖਿਆ ਵਿਭਾਗ ਦਾ ਧੰਨਵਾਦ ਕੀਤਾ ਹੈ।

